ਇੰਟਰਨੈਸ਼ਨਲ ਡੈਸਕ- ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਵੀਰਵਾਰ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕੀ। ਰਾਜਧਾਨੀ ਢਾਕਾ ਵਿਚ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਬੰਗਾ ਭਵਨ ਵਿਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਮੁਹੰਮਦ ਯੂਨਸ ਸਹੁੰ ਚੁੱਕਣ ਲਈ ਬੰਗਾ ਭਵਨ ਪਹੁੰਚੇ ਅਤੇ ਫਿਰ ਉਨ੍ਹਾਂ ਨੇ ਅਹੁਦੇ ਅਤੇ ਨਿੱਜਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 16 ਹੋਰ ਸਾਥੀਆਂ ਨੇ ਵੀ ਸਹੁੰ ਚੁੱਕੀ ਹੈ, ਜਿਨ੍ਹਾਂ ਵਿਚ 2 ਔਰਤਾਂ ਅਤੇ 2 ਹਿੰਦੂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੰਗਲਾਦੇਸ਼ ਦੇ ਨਵੇਂ ਮੁਖੀ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗੱਲ ਵੀ ਕੀਤੀ ਹੈ।
ਪੀ.ਐੱਮ. ਮੋਦੀ ਨੇ ਕਿਹਾ, “ਪ੍ਰੋਫੈਸਰ ਮੁਹੰਮਦ ਯੂਨਸ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਮੇਰੀਆਂ ਸ਼ੁਭਕਾਮਨਾਵਾਂ। ਅਸੀਂ ਉਮੀਦ ਕਰਦੇ ਹਾਂ ਕਿ ਹਿੰਦੂਆਂ ਅਤੇ ਹੋਰ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ, ਜਲਦੀ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ। ਭਾਰਤ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹੈ।”