ਫਿਰੋਜ਼ਪੁਰ – ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਇਕ ਔਰਤ ਅਤੇ ਉਸ ਦੇ ਭਾਣਜੇ ਨੂੰ 6 ਕਿਲੋ 655 ਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦਿੱਲੀ ਨੰਬਰ ਦੀ ਇਨੋਵਾ ਕਾਰ ’ਚ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਆਯੋਜਿਤ ਪੱਤਰਕਾਰ ਸੰਮੇਲਨ ’ਚ ਐੱਸ.ਐੱਸ.ਪੀ. ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਜਦੋਂ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਦੇਰ ਰਾਤ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਤਲਵੰਡੀ ਭਾਈ ਦੇ ਇਲਾਕੇ ’ਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸਿਮਰਨ ਕੌਰ ਉਰਫ਼ ਇੰਦੂ (38 ਸਾਲ) ਪੁੱਤਰੀ ਗੁਰਬਚਨ ਸਿੰਘ ਵਾਸੀ ਵੈੱਬਸਾਈਟ ਕੈਂਬ੍ਰਿਜ ਸਕੂਲ ਗਲੀ ਨੰਬਰ 1 ਕੋਟਕਪੂਰਾ ਬਾਈਪਾਸ ਮੋਗਾ ਅਤੇ ਉਸ ਦਾ ਭਾਣਜਾ ਗੁਰਤੋਜ ਸਿੰਘ ਉਰਫ ਜੋਤ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਜੈਮਲ ਵਾਲਾ ਜ਼ਿਲ੍ਹਾ ਮੋਗਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਨਸ਼ਾ ਤਸਕਰ ਸਰਹੱਦ ਪਾਰ ਪਾਕਿਸਤਾਨ ਤੋਂ ਡਰੋਨ ਦੁਆਰਾ ਲਿਆਂਦੀ ਹੈਰੋਇਨ ਦੀ ਇਕ ਵੱਡੀ ਖੇਪ ਦਿੱਲੀ ਨੰਬਰ ਦੀ ਇਨੋਵਾ ਕਾਰ ’ਚ ਲੈ ਕੇ ਆ ਰਹੇ ਹਨ। ਸੀ.ਆਈ.ਏ. ਪੁਲਸ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ ਅਤੇ ਨਾਮਜ਼ਦ ਦੋਵੇਂ ਮੁਲਜ਼ਮਾਂ ਨੂੰ ਦਿੱਲੀ ਨੰਬਰ ਦੀ ਇਨੋਵਾ ਕਾਰ ’ਤੇ ਆਉਂਦਿਆਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 6 ਕਿਲੋ 655 ਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਸਮੱਗਲਰਾਂ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।