ਬਾਘਾ ਪੁਰਾਣਾ ’ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪਿੰਡ ਸਮਾਲਸਰ ਦੀ ਨਹਿਰ ’ਚ ਨਹਾਉਣ ਗਏ ਦੋ ਨੋਜਵਾਨ ਪਾਣੀ ਦੇ ਵਿੱਚ ਡੁੱਬ ਗਏ। ਹਾਲਾਂਕਿ ਇਸ ਦੌਰਾਨ ਪਿੰਡ ਵਾਲਿਆਂ ਵੱਲੋਂ ਇੱਕ ਨੌਜਵਾਨ ਨੂੰ ਬਚਾ ਲਿਆ ਗਿਆ ਪਰ ਦੂਜਾ ਲਾਪਤਾ ਹੋ ਗਿਆ। ਲਾਪਤਾ ਹੋਏ ਨੌਜਵਾਨ ਦੀ ਪਹਿਚਾਣ 22 ਸਾਲਾਂ ਮੇਵਾ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਵੱਜੋਂ ਹੋਈ ਹੈ ਜੋ ਕਿ ਪਿੰਡ ਸਮਾਲਸਰ ’ਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ।
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਵੱਲੋਂ ਕਾਫੀ ਦੇਰ ਤੱਕ ਲਾਪਤਾ ਦੀ ਭਾਲ ਕੀਤੀ ਗਈ ਪਰ ਮੇਵਾ ਸਿੰਘ ਦਾ ਕੁੱਝ ਵੀ ਪਤਾ ਨਹੀਂ ਲੱਗਿਆ। ਪਿੰਡ ਵਾਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਗੋਤਾਖੋਰ ਨੂੰ ਮੌਕੇ ’ਤੇ ਭੇਜਿਆ ਗਿਆ।
ਇਸ ਮੌਕੇ ਸੁਖਚੈਨ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਮੇਵਾ ਸਿੰਘ ਉਸਦਾ ਭਤੀਜਾ ਹੈ। ਜਦੋਂ ਮੇਵਾ ਨਹਿਰ ਦੇ ਪੁੱਲ ’ਤੇ ਪਹੁੰਚਿਆ ਤਾਂ ਉਥੇ ਕਈ ਮੁੰਡੇ ਨਹਾਅ ਰਹੇ ਸਨ ਅਤੇ ਉਨ੍ਹਾਂ ਨੂੰ ਵੇਖ ਕੇ ਉਹ ਵੀ ਨਹਾਉਣ ਲਈ ਨਹਿਰ ਵਿਚ ਵੜ ਗਿਆ। ਮੇਵਾ ਸਿੰਘ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਰਕੇ ਉਹ ਡੁੱਬ ਗਿਆ। ਫਿਲਹਾਲ ਸੁਖਚੈਨ ਸਿੰਘ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ।