ਮੋਗਾ – ਸਵੇਰੇ-ਸਵੇਰੇ ਮੋਗਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਦਿਨ ਚੜ੍ਹਦਿਆਂ ਹੀ ਇਕ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਘੀਪੁਰਾ ਪਿੰਡ ਨੇੜੇ ਵਾਪਰਿਆ ਤੇ ਮ੍ਰਿਤਕ ਪਿਓ-ਪੁੱਤ ਮੋਗਾ ਦੇ ਪਿੰਡ ਮਹਿਰੋਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੁੱਘੀਪੁਰਾ-ਬਰਨਾਲਾ ਬਾਈਪਾਸ ਰੋਡ ‘ਤੇ ਇਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ‘ਤੇ ਜਾ ਰਹੇ ਪਿਓ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਗਿਆ। ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।