ਬਿਹਾਰ: ਅੱਜ ਸਾਉਣ ਮਹੀਨੇ ਦੇ ਚੌਥੇ ਸੋਮਵਾਰ ਬਿਹਾਰ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਜਹਾਨਾਬਾਦ ਦੇ ਮਖਦੂਮਪੁਰ ਸਥਿਤ ਬਾਬਾ ਸਿੱਧਨਾਥ ਮੰਦਰ ਵਿਚ ਭਾਜੜ ਪੈਣ ਨਾਲ ਘੱਟੋ-ਘੱਟ 7 ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸਾਰੇ ਅੱਜ ਸਾਉਣ ਦੇ ਸੋਮਵਾਰ ਨੂੰ ਜਲ ਚੜ੍ਹਾਉਣ ਲਈ ਪਹੁੰਚੇ ਸਨ। ਮ੍ਰਿਤਕਾਂ ਵਿਚ ਪੁਰਸ਼ ਅਤੇ ਮਹਿਲਾਵਾਂ ਦੋਵੇਂ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਪਰ ਇਹ ਗਿਣਤੀ ਜ਼ਿਆਦਾ ਹੋਣ ਦਾ ਖ਼ਦਸ਼ਾ ਹੈ। ਕਈ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਵਾਇਆ। ਜਹਾਨਾਬਾਦ ਦੇ ਡੀ.ਐੱਮ. ਅਲੰਕ੍ਰਿਤਾ ਪਾਂਡੇ ਨੇ ਕਿਹਾ ਕਿ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 9 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਾਲਾਤ ਕਾਬੂ ਵਿਚ ਹਨ।
ਜਹਾਨਾਬਾਦ ਦੇ ਐੱਸ.ਐੱਚ.ਓ. ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।