ਲੋਕਾਂ ਨੂੰ HIV/ਏਡਜ਼ ਵਰਗੀ ਲਾਇਲਾਜ਼ ਅਤੇ ਭਿਆਨਕ ਬਿਮਾਰੀਆਂ ਤੋਂ ਜਾਣੂ ਕਰਵਾਉਣ ਲਈ ਪਟਿਆਲਾ ਦੇ ਪਿੰਡ ਹਸਨਪੁਰਾ ’ਚ ਨੁਕੜ ਨਾਟਕ ਖੇਡੇ ਜਾ ਰਹੇ ਹਨ। ਇਸ Intensified Campaign ਦੀ ਸ਼ੁਰੂਆਤ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਜ਼ਿਲ੍ਹਾ ਟੀਬੀ ਅਤੇ ਏਡਜ਼ ਕੰਟਰੋਲ ਅਫਸਰ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 12 ਅਗਸਤ 2024 ਤੋਂ 12 ਅਕਤੂਬਰ 2024 ਤੱਕ ਚਲਾਈ ਜਾਵੇਗੀ। ਦਰਅਸਲ ਇਸ ਮੁਹਿੰਮ ਦਾ ਮੁੱਖ ਉਦੇਸ਼ ਪਿੰਡਾਂ ਵਿਚ ਜਾ ਕੇ ਨੁਕੜ ਨਾਟਕਾਂ ਰਾਹੀਂ ਲੋਕਾਂ ਨੂੰ HIV/ਏਡਜ਼ ਬਾਰੇ ਜਾਗਰੂਕ ਅਤੇ ਟੈਸਟ ਕਰਨਾ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ HIV/ਏਡਜ਼ ਇਕ ਅਜਿਹੀ ਬਿਮਾਰੀ ਹੈ, ਜੇਕਰ ਇਸ ਬਾਰੇ ਪਹਿਲਾਂ ਤੋਂ ਹੀ ਪੁਖਤਾ ਜਾਣਕਾਰੀ ਹੋਵੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। HIV/ਏਡਜ਼ ਦੇ ਨਾਲ ਜੇਕਰ ਮਰੀਜ਼ ਨੂੰ ਟੀ ਬੀ ਹੋ ਜਾਂਦੀ ਹੈ ਤਾਂ ਉਸਦਾ ਇਲਾਜ਼ ਹੋਣਾ ਬਹੁਤ ਜਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਇਸ ਜਾਗਰੂਕਤਾ ਮੁਹਿੰਮ ਦੌਰਾਨ ਮਰੀਜ਼ਾਂ ਦੇ HIV/ਏਡਜ਼ ਦੀ ਜਾਂਚ ਤੋਂ ਇਲਾਵਾ ਲੋਕਾਂ ਦੇ HB, CBC ਅਤੇ ਸ਼ੂਗਰ ਦੇ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ’ਚ ਦਵਾਈਆਂ ਵੀ ਮੁਹੱਈਆ ਕਾਰਵਾਈਆ ਗਈਆਂ।
ਜ਼ਿਕਰਯੋਗ ਹੈ ਕਿ HIV/ਏਡਜ਼ ਲਈ ਜਾਗਰੂਕ ਅਤੇ ਟੈਸਟਿੰਗ ਕੈਂਪ ਦਾ ਆਯੋਜਨ ਜ਼ਿਲ੍ਹਾ ਏਕੀਕ੍ਰਿਤ ਰਣਨੀਤੀ (DISHA) ਟੀਮ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਜ਼ਿਲ੍ਹਾ ਸਿਹਤ ਪ੍ਰਸਾਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ DISHA ਕਲੱਸਟਰ ਹੈੱਡ ਯਾਦਵਿੰਦਰ ਸਿੰਘ ਵਿਰਕ, ਕਲੀਨੀਕਲ ਸਰਵਿਸ ਅਫ਼ਸਰ ਨਿਤਿਨ ਚਾਂਦਲਾਂ ਅਤੇ DMDO ਡਾਕਟਰ ਅਮਨਦੀਪ ਕੌਰ, ICTC ਕੇਂਦਰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਲੈਬ ਟੈਕਨੀਸ਼ੀਅਨ ਅਮਨਦੀਪ ਸਿੰਘ ਅਤੇ ਕੌਂਸਲਰ ਗਗਨਦੀਪ ਕੌਰ ਅਤੇ CHO ਗੁਰਕਿਰਨਦੀਪ ਸਿੰਘ ਤੋਂ ਇਲਾਵਾ ਹੋਰ ਸਮੂਹ ਸਟਾਫ ਵੀ ਮੌਜੂਦ ਰਹੇ।