ਤਰਨਤਾਰਨ- ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਨੂੰ ਪਾਰ ਕਰਦੇ ਹੋਏ ਬੀ. ਐੱਸ. ਐੱਫ. ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਆ ਨੂੰ ਦੇਰ ਰਾਤ ਢੇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਵਿਖੇ ਬੀ. ਐੱਸ. ਐੱਫ. ਵੱਲੋਂ 15 ਅਗਸਤ ਨੂੰ ਲੈ ਕੇ ਪਹਿਲਾਂ ਤੋਂ ਵੀ ਜ਼ਿਆਦਾ ਸਖ਼ਤੀ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਇਲਾਕਿਆਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।
ਬੀਤੀ ਰਾਤ ਕਰੀਬ 9 ਵਜੇ ਜਦੋਂ ਬੀ. ਐੱਸ. ਐੱਫ. ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਬੀ. ਓ. ਪੀ. ਪੀਰ ਬਾਬਾ ਨਜ਼ਦੀਕ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਕੁਝ ਹਲਚਲ ਹੁੰਦੀ ਨਜ਼ਰ ਆਈ ਜਿਸ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨ ਹਰਕਤ ਵਿੱਚ ਆ ਗਏ ਅਤੇ ਲਲਕਾਰਾ ਮਾਰਦੇ ਹੋਏ ਸਬੰਧਿਤ ਪਾਕਿਸਤਾਨੀ ਘੁਸਪੈਠੀਏ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਜਦੋਂ ਵਿਅਕਤੀ ਵਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣਾ ਜਾਰੀ ਰੱਖਿਆ ਗਿਆ ਤਾਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਗੋਲੀ ਲੱਗਣ ਨਾਲ ਪਾਕਿਸਤਾਨੀ ਘੁਸਭੈਠੀਆ ਮੌਕੇ ‘ਤੇ ਹੀ ਢੇਰ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਘੁਸਪੈਠੀਏ ਪਾਸੋਂ ਕੋਈ ਵੀ ਆਪੱਤੀ ਜਨਕ ਵਸਤੂ ਬਰਾਮਦ ਨਹੀਂ ਹੋਈ।
ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ਼. ਵੱਲੋਂ ਸਰਹੱਦ ਨੂੰ ਪਾਰ ਕਰਦੇ ਹੋਏ ਮਾਰੇ ਗਏ ਪਾਕਿਸਤਾਨੀ ਘੁਸਭੈਠੀਆ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਉਸਦਾ ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।