ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਚੰਡੀਗੜ੍ਹ ‘ਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਤੇ ਪੈਰਿਸ ਓਲੰਪਿਕ-2024 ‘ਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ 1-1 ਕਰੋੜ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਟੀਮ ਦੇ ਬਾਕੀ ਖਿਡਾਰੀਆਂ ਨੂੰ 15-15 ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਖਿਡਾਰੀਆਂ ਲਈ ਢੋਲ ਵੱਜ ਰਹੇ ਹਨ। ਅਸੀਂ ਪੰਜਾਬ ਦੀ ਹਾਕੀ ਟੀਮ ਨੂੰ ਸਪਾਂਸਰ ਕਰ ਸਕਦੇ ਹਾਂ ਪਰ 2036 ਤੱਕ ਇਹ ਜ਼ਿੰਮੇਵਾਰੀ ਉੜੀਸਾ ਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ‘ਚ ਭਵਿੱਖ ’ਚ ਇੱਕ ਵੱਡਾ ਹਾਕੀ ਟੂਰਨਾਮੈਂਟ ਕਰਵਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਹਾਕੀ ਇੰਡੀਆ ਨਾਲ ਗੱਲ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ’ਚ ਹੁਣ ਖੇਡਾਂ ਲਈ ਵੱਖ-ਵੱਖ ਜ਼ੋਨ ਬਣਾਏ ਜਾਣਗੇ। ਜਿਸੇ ਵਿੱਚ ਮਾਹਲਪੁਰ ‘ਚ ਫੁੱਟਬਾਲ, ਸੁਨਾਮ ‘ਚ ਮੁੱਕੇਬਾਜ਼ੀ, ਜਲੰਧਰ ‘ਚ ਹਾਕੀ ਅਤੇ ਲੁਧਿਆਣਾ ‘ਚ ਐਥਲੈਟਿਕਸ ਆਦਿ ਸ਼ਾਮਲ ਹੋਣਗੇ।
ਇਸ ਦੇ ਨਾਲ ਹੀ ਸੀਐੱਮ ਮਾਨ ਨੇ ਖਿਡਾਰੀਆਂ ਨੂੰ ਨੌਕਰੀਆਂ ਅਤੇ ਪਹਿਲਾਂ ਨੌਕਰੀ ਕਰ ਚੁੱਕੇ ਖਿਡਾਰੀਆਂ ਨੂੰ ਤਰੱਕੀ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਇਸ ਦੌਰਾਨ ਹਾਕੀ ਖਿਡਾਰੀਆਂ ਨੇ ਜਿੱਥੇ ਸਨਮਾਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ਲਾਘਾ ਕੀਤੀ।