ਮਹਿਤਪੁਰ – ਇੰਸ. ਜੈਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਸਮੇਤ ਪੁਲਸ ਪਾਰਟੀ ਦੇ ਪਿੰਡ ਬਾਗੀਵਾਲ ਤੋਂ ਇਕ ਰੇਪ ਕੇਸ ਦਾ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਂਕਾਰ ਸਿੰਘ ਬਰਾੜ ਡੀ.ਐੱਸ.ਪੀ. ਸ਼ਾਹਕੋਟ ਨੇ ਦੱਸਿਆ ਕਿ ਪੀੜਤ ਲੜਕੀ, ਜੋ ਬਾਰ੍ਹਵੀਂ ਕਲਾਸ ਵਿਚ ਪੜ੍ਹਦੀ ਹੈ ਤੇ ਆਟੋ ਚਾਲਕ ਸੁਖਵੀਰ ਸਿੰਘ ਉਰਫ਼ ਸੁੱਖਾ ਪੁੱਤਰ ਨਿਰਮਲ ਸਿੰਘ ਵਾਸੀ ਬਾਗੀਵਾਲ ਥਾਣਾ ਮਹਿਤਪੁਰ ਦੀ ਆਟੋ ਵਿਚ ਸਕੂਲ ਆਉਂਦੀ-ਜਾਂਦੀ ਸੀ।
ਬੀਤੇ 17 ਅਗਸਤ ਨੂੰ ਪੀੜਤ ਲੜਕੀ ਆਟੋ ਚਾਲਕ ਸੁਖਵੀਰ ਸਿੰਘ ਉਰਫ ਸੁੱਖਾ ਨਾਲ ਵਾਪਸ ਆਪਣੇ ਪਿੰਡ ਜਾਣ ਨੂੰ ਉਸ ਦੀ ਆਟੋ ਵਿਚ ਬੈਠ ਗਈ ਤਾਂ ਆਟੋ ਚਾਲਕ ਸੁਖਵੀਰ ਸਿੰਘ ਉਰਫ ਸੁੱਖਾ ਲੜਕੀ ਨੂੰ ਪਾਣੀ ਪੀਣ ਦੇ ਬਹਾਨੇ ਆਪਣੇ ਘਰ ਲੈ ਗਿਆ ਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਸਰੀਰਕ ਸੰਬੰਧ ਬਣਾਏ।
ਪਤਾ ਲੱਗਣ ’ਤੇ ਇੰਸਪੈਕਟਰ ਸੀਮਾ ਨੇ ਪੀੜਤ ਲੜਕੀ ਦੇ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਤੇ ਪੁਲਸ ਵੱਲੋਂ ਮੁਲਜ਼ਮ ਨੂੰ 4 ਘੰਟਿਆਂ ਵਿਚ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾ ਰਿਹਾ ਹੈ।