ਅਬੋਹਰ : ਅੱਜ ਸਵੇਰੇ ਅਬੋਹਰ-ਮਲੋਟ ਰੋਡ ’ਤੇ ਸਥਿਤ ਪਿੰਡ ਬੱਲੂਆਣਾ ਵਿਖੇ ਨਿਰਮਾਣ ਅਧੀਨ ਪੁਲ ਦੇ ਹੇਠਾਂ ਖੜ੍ਹੇ ਦੋ ਮਜ਼ਦੂਰਾਂ ’ਤੇ ਵੱਡਾ ਪੱਥਰ ਆ ਡਿੱਗਾ, ਜਿਸ ਕਾਰਨ ਇਕ ਮਜ਼ਦੂਰ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬੱਲੂਆਣਾ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਲੱਖਾ ਪੁੱਤਰ ਰਾਜ ਕੁਮਾਰ ਜੋ ਕਿ ਬੀਤੇ ਦਿਨੀਂ ਆਪਣੀਆਂ ਭੈਣਾਂ ਵੱਲੋਂ ਰੱਖੜੀ ਬੰਨ੍ਹਵਾ ਕੇ ਮਜ਼ਦੂਰੀ ਕਰਨ ਲਈ ਅੱਜ ਸਵੇਰੇ ਘਰੋਂ ਨਿਕਲਿਆ ਸੀ ਅਤੇ ਆਪਣੇ ਦੋਸਤ ਮਨਦੀਪ ਪੁੱਤਰ ਗੁਲਜ਼ਾਰ ਨਾਲ ਬੱਲੂਆਣਾ ’ਚ ਬਣ ਰਹੇ ਪੁਲ ਦੇ ਹੇਠਾਂ ਖੜ੍ਹੇ ਹੋ ਕੇ ਕਿਸੇ ਦੇ ਆਉਣ ਦੀ ਉਡੀਕ ਕਰ ਰਹੇ ਸੀ ਕਿ ਇਸੇ ਦੌਰਾਨ ਪੁੱਲ ਦੇ ਉਪਰੋਂ ਇਕ ਟਰੱਕ ਦੀ ਟੱਕਰ ਨਾਲ ਇਕ ਵੱਡਾ ਪੱਥਰ ਇਨ੍ਹਾਂ ਦੋਵਾਂ ’ਤੇ ਆ ਡਿੱਗਿਆ। ਜਿਸ ਕਾਰਨ ਲੱਖਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਮਨਦੀਪ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰਨਾ ਪਿਆ। ਥਾਣਾ ਸਦਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।