ਖੰਨਾ ਦੇ ਸ਼ਿਵਪੁਰੀ ਮੰਦਰ ‘ਚ 15 ਅਗਸਤ ਨੂੰ ਸਵੇਰੇ 3.30 ਵਜੇ ਦੇ ਕਰੀਬ ਸ਼ਿਵਲਿੰਗ ਚੋਰੀ ਕਰਨ ਅਤੇ ਤੋੜਨ ਦੀ ਘਟਨਾ ‘ਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪੂਰੇ ਭਾਰਤ ਵਿੱਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੰਜਾਬ, ਚੰਡੀਗੜ੍ਹ, ਉਤਰਾਖੰਡ ਅਤੇ ਲਖਨਊ ਪੁਲਿਸ ਨੇ ਵੀ ਇਸ ਆਪਰੇਸ਼ਨ ਵਿੱਚ ਸਹਿਯੋਗ ਕੀਤਾ। ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਇਸ ਗਿਰੋਹ ਨੇ ਤਾਮਿਲਨਾਡੂ ਅਤੇ ਤੇਲੰਗਾਨਾ ਵਿੱਚ ਵੱਡੀ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇੰਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਇਹ ਗਰੋਹ ਕਈ ਸਾਲਾਂ ਤੋਂ ਚੋਰੀਆਂ ਕਰ ਰਿਹਾ ਸੀ ਅਤੇ ਸਿਰਫ਼ ਧਾਰਮਿਕ ਸਥਾਨਾਂ ਨੂੰ ਹੀ ਇਹ ਨਿਸ਼ਾਨਾ ਬਣਾਂਉਦੇ ਸਨ। ਪਹਿਲਾਂ ਚੋਰ ਰੇਕੀ ਕਰਦੇ ਫਿਰ ਮੱਥਾ ਟੇਕਣ ਵੀ ਜਾਂਦੇ ਤੇ ਫਿਰ ਰਾਤ ਨੂੰ ਮੌਕਾ ਮਿਲਣ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ। ਇਹ ਵੀ ਪਤਾ ਲੱਗਿਆ ਹੈ ਕਿ ਗਿਰੋਹ ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਚੋਰੀਆਂ ਕੀਤੀਆਂ ਸਨ।