ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ‘ਐਕਸ’ ‘ਤੇ ਪੋਸਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ। ਸੰਨਿਆਸ ਦਾ ਐਲਾਨ ਕਰਦੇ ਹੋਏ ਧਵਨ ਨੇ ਆਖਿਆ ਕਿ ਹੁਣ ਜੇਕਰ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਹਨ ਅਤੇ ਮੈਂ ਜਦੋਂ ਅੱਗੇ ਦੇਖਦਾ ਹਾਂ ਤਾਂ ਮੈਨੂੰ ਪੂਰੀ ਦੁਨੀਆ ਦਿਖਾਈ ਦਿੰਦੀ ਹੈ। ਧਵਨ ਨੇ ਲਿਖਿਆ ਕਿ ਮੈਂ ਅਣਗਿਣਤ ਯਾਦਾਂ ਦੇ ਨਾਲ ਕ੍ਰਿਕਟ ਦਾ ਸਫ਼ਰ ਖ਼ਤਮ ਕਰ ਰਿਹਾ ਹਾਂ। ਇੰਨੇ ਪਿਆਰ ਅਤੇ ਸਾਥ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੈ ਹਿੰਦ!” ਇਸ ਦੇ ਨਾਲ ਹੀ ਧਵਨ ਨੇ ਐਕਸ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ।
ਧਵਨ ਨੇ ਕਿਹਾ ਕਿ ਜ਼ਿੰਦਗੀ ਦੀ ਕਹਾਣੀ ਅੱਗੇ ਵਧਾਉਣ ਲਈ ਪੰਨੇ ਪਲਟਣੇ ਜ਼ਰੂਰੀ ਹਨ ਅਤੇ ਇਸ ਲਈ ਮੈਂ ਕੌਮਾਂਤਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਇਸ ਦੇ ਨਾਲ ਹੀ ਧਵਨ ਨੇ ਫੈਨਜ਼, ਟੀਮ ਦੇ ਸਾਥੀ ਖਿਡਾਰੀਆਂ, ਕੋਚ, ਪਰਿਵਾਰ ਤੇ BCCI ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਤੁਹਾਨੂੰ ਦੱਸ ਦਈਏ ਕਿ 37 ਸਾਲਾਂ ਧਵਨ ਨੇ 2010 ਵਿਚ ਭਾਰਤ ਲਈ ਡੈਬਿਊ ਕੀਤਾ ਸੀ। ਆਪਣੇ 13 ਸਾਲਾਂ ਦੇ ਕਰੀਅਰ ਵਿਚ ਧਵਨ ਨੇ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚ ਭਾਰਤ ਲਈ ਖੇਡੇ। ਸ਼ਿਖਰ ਧਵਨ ਆਈ.ਪੀ.ਐੱਲ ਦੇ ਟੂਰਨਾਮੈਂਟ ਦੇ ਇਤਿਹਾਸ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇਕ ਹੈ। ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਵਿਰਾਟ ਕੋਹਲੀ ਤੋਂ ਬਾਅਦ ਧਵਨ ਦਾ ਦੂਜਾ ਨੰਬਰ ਹੈ। ਧਵਨ ਨੇ 222 IPL ਮੈਚਾਂ ‘ਚ 6769 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਦੋ ਸੈਂਕੜੇ ਅਤੇ 51 ਅਰਧ ਸੈਂਕੜੇ ਲਗਾਏ ਹਨ। ਧਵਨ ਦੀ ਔਸਤ 35.26 ਅਤੇ ਸਟ੍ਰਾਈਕ ਰੇਟ 127.14 ਹੈ।