ਉੱਤਰ ਪ੍ਰਦੇਸ਼ ਦੇ ਬਿਜਨੌਰ ‘ਚ ਐਤਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਰੇਲਗੱਡੀ ਦੋ ਹਿੱਸਿਆਂ ਵਿਚ ਵੰਡੀ ਗਈ। ਦਰਅਸਲ ਧਨਬਾਦ ਜਾ ਰਹੀ ਗੰਗਾ ਸਤਲੁਜ ਐਕਸਪ੍ਰੈੱਸ ਟਰੇਨ ਦੇ ਇੰਜਣ ਨਾਲ ਜੁੜੇ 14 ਡੱਬੇ ਤਾਂ ਅੱਗੇ ਵਧਦੇ ਗਏ ਜਦੋਕਿ 8 ਡੱਬੇ ਰੇਲਵੇ ਟਰੈੱਕ ‘ਤੇ ਪਿੱਛੇ ਛੁੱਟ ਗਏ। ASP ਧਰਮ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਕੁਝ ਤਕਨੀਕੀ ਖਰਾਬੀ ਕਾਰਨ ਧਨਬਾਦ ਜਾ ਰਹੀ ਰੇਲ ਗੱਡੀ ਦੇ ਕੁੱਝ ਡੱਬੇ ਇੰਜਣ ਅਤੇ ਹੋਰ ਡੱਬਿਆਂ ਤੋਂ ਵੱਖ ਹੋ ਗਏ। ਇਹ ਘਟਨਾ ਐਤਵਾਰ ਸਵੇਰੇ 4 ਵਜੇ ਮੁਰਾਦਾਬਾਦ ਦੇ ਅੱਗੇ ਸਯੋਹਾਰਾ ਅਤੇ ਧਾਮਪੁਰ ਰੇਲਵੇ ਸਟੇਸ਼ਨ ਦੇ ਵਿਚਾਲੇ ਵਾਪਰੀ।
ਹਾਲਾਂਕਿ ਹਾਦਸੇ ਦੀ ਵਜ੍ਹਾ ਤਕਨੀਕੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ ਪਰ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਰੇਲ ਗੱਡੀ ’ਚ ਵੱਡੀ ਗਿਣਤੀ ਵਿਚ ਯੂਪੀ ਪੁਲਿਸ ਸਿਪਾਹੀ ਭਰਤੀ ਦੀ ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰ ਸਵਾਰ ਸਨ। ਇਸ ਤੋਂ ਬਾਅਦ ਸਥਾਨਕ ਪੁਲਿਸ ਅਤੇ ਰੇਲਵੇ ਪ੍ਰਸ਼ਾਸਨ ਨੇ ਪ੍ਰੀਖਿਆ ਦੇ 200 ਤੋਂ ਵੱਧ ਉਮੀਦਵਾਰਾਂ ਲਈ ਤਿੰਨ ਬੱਸਾਂ ਦਾ ਪ੍ਰਬੰਧ ਕੀਤਾ। ਜਿਸ ਦੇ ਰਾਹੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਬੰਧਤ ਪ੍ਰੀਖਿਆ ਕੇਂਦਰਾਂ ਵਿਚ ਭੇਜ ਦਿੱਤਾ ਗਿਆ।