ਜਲੰਧਰ–ਜਲੰਧਰ ਕਮਿਸ਼ਨਰੇਟ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਮਲਟੀ-ਸਟੇਟ ਬੈਂਕ ਚੈੱਕ ਧੋਖਾਧੜੀ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਵੱਲੋਂ 3 ਸੂਬਿਆਂ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਕੈਮ 6 ਸੂਬਿਆਂ ਵਿਚ ਫੈਲਿਆ ਹੋਇਆ ਸੀ, ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਸ਼ਾਮਲ ਹਨ। 61 ਘਪਲਿਆਂ ਦੀ ਪਛਾਣ ਕੀਤੀ ਗਈ ਹੈ ਅਤੇ 19 ਖ਼ਾਤੇ ਜ਼ਬਤ ਕੀਤੇ ਗਏ ਹਨ।
ਇਸ ਦੇ ਨਾਲ ਹੀ 44 ਏ. ਟੀ. ਐੱਮ. ਕਾਰਡ, 17 ਚੈੱਕ ਬੁੱਕਾਂ ਸਮੇਤ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਡੀ. ਜੀ. ਪੀ. ਪੰਜਾਬ ਵੱਲੋਂ ਐਕਸ ‘ਤੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।