ਨੰਗਲ ’ਚ ਬੀਤੀ ਦਿਨ ਸ਼੍ਰੀ ਸਨਾਤਮ ਧਰਮ ਸਭਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਨੰਗਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਨੰਗਲ ਦੇ ਇਸ ਲਕਸ਼ਮੀ ਨਰਾਇਣ ਮੰਦਰ ’ਚ ਮੱਥਾ ਟੇਕਣ ਲਈ ਪਹੁੰਚੇ ਅਤੇ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ। ਇਸ ਮੌਕੇ ਐਮ.ਪੀ ਮਾਲਵਿੰਦਰ ਕੰਗ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਐਮ.ਪੀ ਕੋਟੇ ਵਿਚੋਂ ਸ਼੍ਰੀ ਸਨਾਤਮ ਧਰਮ ਸਭਾ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਹਲਕਾ ਮੀਂਹ ਵੀ ਪੈ ਰਿਹਾ ਸੀ ਤੇ ਮੀਂਹ ਦੇ ਵਿੱਚ ਹੀ ਹਰਜੋਤ ਸਿੰਘ ਬੈਂਸ, ਮਾਲਵਿੰਦਰ ਸਿੰਘ ਕੰਗ ਅਤੇ ਪਾਰਟੀ ਦੇ ਹੋਰ ਵਰਕਰਾਂ ਨੇ ਰਾਧਾ ਕ੍ਰਿਸ਼ਨ ਦੇ ਭਜਨ ਦਾ ਆਨੰਦ ਮਾਣਿਆ। ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਂ ਇਸ ਸਥਾਨ ‘ਤੇ ਪਹਿਲਾਂ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਆਇਆ ਸੀ, ਉਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਕਿਰਪਾ ਸਦਕਾ ਇਸ ਵਾਰ ਇਸ ਸਥਾਨ ‘ਤੇ ਪਹੁੰਚਿਆ ਹਾਂ।