ਜਲੰਧਰ -ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼) ਪੰਜਾਬ ਨੇ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਜਲੰਧਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮ. ਈ. ਆਈ. ਟੀ. ਟੀ.) ਦੇ ਸਹਿਯੋਗ ਨਾਲ ‘ਡਰੋਨ ਟੈਕਨਾਲੋਜੀ : ਐਥਿਕਸ ਐਂਡ ਐਪਲੀਕੇਸ਼ਨਜ਼ ਫਾਰ ਬਾਰਡਰ ਮੈਨੇਜਮੈਂਟ’ ਸਿਰਲੇਖ ਹੇਠ ਪੰਜ ਰੋਜ਼ਾ ਬੂਟ-ਕੈਂਪ ਸ਼ੁਰੂ ਕੀਤਾ ਹੈ। ਬੀ. ਐੱਸ. ਐੱਫ਼. ਨੇ ਪਿਛਲੇ ਕੁਝ ਸਾਲਾਂ ਤੋਂ ਸਰਹੱਦ ਪਾਰੋਂ ਆ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਵੱਡੇ ਆਕਾਰ ਦੇ ਡਰੋਨ ਆਉਂਦੇ ਸਨ, ਜਿਸ ਕਾਰਨ ਇਨ੍ਹਾਂ ਨੂੰ ਜਲਦੀ ਫੜਿਆ ਜਾ ਸਕਦਾ ਸੀ ਪਰ ਹੁਣ ਸਰਹੱਦ ਪਾਰੋਂ ਛੋਟੇ ਆਕਾਰ ਦੇ ਡਰੋਨ ਭੇਜੇ ਜਾ ਰਹੇ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਬੀ. ਐੱਸ. ਐੱਫ਼. ਹੁਣ ਮਾਹਿਰਾਂ ਨਾਲ ਮੀਟਿੰਗ ਕਰ ਰਹੀ ਹੈ। ਇਸ ਨਾਲ ਬੀ. ਐੱਸ. ਐੱਫ਼. ਨੂੰ ਨਵੀਂ ਤਕਨੀਕ ਅਤੇ ਨਵੀਂ ਰਣਨੀਤੀ ਦਾ ਪਤਾ ਲੱਗੇਗਾ।
ਇਹ ਕੈਂਪ 26 ਤੋਂ 30 ਅਗਸਤ ਤੱਕ ਚੱਲੇਗਾ, ਜਿਸ ਦਾ ਉਦਾਘਾਟਨ ਬੀ. ਐੱਸ. ਐੱਫ਼. ਪੰਜਾਬ ਦੇ ਇੰਸਪੈਕਟਰ ਜਨਰਲ (ਆਈ. ਜੀ.) ਡਾ. ਅਤੁਲ ਫੁਲਜਲੇ ਨੇ ਕੀਤਾ। ਬੂਟ-ਕੈਂਪ ਦਾ ਮਕਸਦ ਬੀ. ਐੱਸ. ਐੱਫ਼. ਕਰਮਚਾਰੀਆਂ ਦੀ ਸੰਚਾਲਨ ਸਮਰੱਥਾ ਨੂੰ ਵਧਾਉਣਾ ਹੈ। ਡਰੋਨ ਟੈਕਨਾਲੋਜੀ ਦੇ ਮਾਹਿਰਾਂ ਦੁਆਰਾ ਆਯੋਜਿਤ ਸਿਖਲਾਈ ਪ੍ਰਭਾਵੀ ਸਰਹੱਦੀ ਪ੍ਰਬੰਧਨ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਮੁਕਾਬਲਾ ਕਰਨ ਲਈ ਡਰੋਨ ਦੀ ਰਣਨੀਤਕ ਵਰਤੋਂ ’ਤੇ ਕੇਂਦ੍ਰਿਤ ਹੈ।