ਅੰਮ੍ਰਿਤਸਰ ਸ਼੍ਰੌਮਣੀ ਕਮੇਟੀ ਵੱਲੋਂ ਆਪਣੇ ਲੰਗਰ ਹਾਲ ਵਿਚ ਲੰਗਰ ਬਣਾਉਣ ਦੀ ਸੇਵਾ ਕਰ ਰਹੇ ਸੇਵਾਦਾਰਾਂ ਤੇ ਸੰਗਤ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ ਪਿਛਲੇ ਦਿਨੀਂ ਲੰਗਰ ਤਿਆਰ ਕਰਦੇ ਸਮੇਂ ਕੜਾਹੇ ’ਚ ਡਿੱਗਣ ਕਾਰਨ ਇੱਕ ਸੇਵਾਦਾਰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਦਾਰਾਂ ਦੀ ਸੁਰੱਖਿਆ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਵੱਲੋਂ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਮਨੁੱਖੀ ਜਾਨਾਂ ਬਹੁਤ ਕੀਮਤੀਆਂ ਹਨ ਤੇ ਇਹਨਾਂ ਜਾਨਾਂ ਨੂੰ ਬਚਾਉਣ ਦੇ ਲਈ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਲੰਗਰ ਹਾਲ ਵਿੱਚ ਕੜਾਹੇ ਹਨ, ਉਹਨਾਂ ’ਤੇ ਬਕਾਇਦਾ ਜੰਗਲੇ ਲਗਾਏ ਜਾ ਰਹੇ ਹਨ ਤੇ ਜਾਲੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਸੇਵਾਦਾਰ ਲੰਗਰ ਹਾਲ ਵਿੱਚ ਠੀਕ ਢੰਗ ਨਾਲ ਲੰਗਰ ਤਿਆਰ ਕਰ ਸਕਣ। ਸੇਵਾਦਾਰਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਇਸ ਲਈ ਸੇਫਟੀ ਬੈਲਟਾਂ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਪ੍ਰਤਾਪ ਸਿੰਘ ਨੇ ਦੱਸਿਆ ਕਿ ਸੇਵਾਦਾਰਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ’ਚ ਇਸ ਸਬੰਧੀ ਮਤਾ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਆਲੂ ਉਬਾਲਦੇ ਸਮੇਂ ਕੜਾਹੇ ’ਚ ਡਿੱਗਣ ਨਾਲ ਇੱਕ ਸੇਵਾਦਾਰ ਬਲਬੀਰ ਸਿੰਘ ਬੁਰੀ ਤਰਾਂ ਝੁਲਸ ਗਿਆ ਸੀ, ਜਿਸ ਨੂੰ ਸ਼੍ਰੌਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਸੀ। ਇੱਕ ਹਫਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸੇ ਲਈ ਸ਼੍ਰੌਮਣੀ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਦੀ ਜਾਨ ਜ਼ੋਖ਼ਮ ’ਚ ਨਾ ਪਵੇ।