ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ‘ਚ ਸੇਵਾਮੁਕਤ ਰੇਲਵੇ ਕਰਮਚਾਰੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦਾ ਲੜਕਾ ਆਪਣੇ ਪਰਿਵਾਰ ਨਾਲ ਘਰ ਦੇ ਉੱਪਰ ਛੱਤ ‘ਤੇ ਰਹਿੰਦਾ ਸੀ। ਸਵੇਰੇ ਜਦੋਂ ਉਹ ਹੇਠਾਂ ਆਇਆ ਤਾਂ ਪਿਤਾ ਦੇ ਕਮਰੇ ਵਿੱਚੋਂ ਖੂਨ ਵਹਿ ਰਿਹਾ ਦੇਖਿਆ। ਜਦੋਂ ਉਹ ਕਮਰੇ ਦੇ ਅੰਦਰ ਗਿਆ ਤਾਂ ਦੇਖਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਚਾਰੇ ਪਾਸੇ ਖੂਨ-ਖੂਨ ਹੋਇਆ ਪਿਆ ਸੀ, ਜਿਸਨੂੰ ਦੇਖ ਕੇ ਉਹ ਸਹਿਮ ਗਿਆ।
ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਉਕਤ ਨੌਜਵਾਨ ਨੇ ਪੁਲਸ ਨੂੰ ਦਿੱਤਾ। ਸੂਚਨਾ ਮਿਲਣ ‘ਤੇ ਪੁਲਸ ਦੀਆਂ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਹਨਾਂ ਨੇ ਵਿਅਕਤੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸ਼ਿਵਪੁਰੀ ਕਾਲੋਨੀ ਦੇ ਰਹਿਣ ਵਾਲੇ ਸੇਵਾਮੁਕਤ ਰੇਲਵੇ ਮੁਲਾਜ਼ਮ ਬਲਦੇਵ ਰਾਜ ਗੁਪਤਾ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਲੰਬੇ ਸਮੇਂ ਤੋਂ ਅਧਰੰਗ ਤੋਂ ਪੀੜਤ ਸਨ। ਇਸ ਦੌਰਾਨ ਡੀਐਈਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ।