ਬਠਿੰਡਾ/ਚੰਡੀਗੜ੍ਹ/ਜਲੰਧਰ -ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਏ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਸਥਿਤ ਸੇਵਾ ਕੇਂਦਰ ’ਚ ਤਾਇਨਾਤ ਕੰਪਿਊਟਰ ਆਪਰੇਟਰ ਲਾਭਪ੍ਰੀਤ ਸਿੰਘ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਕੰਪਿਊਟਰ ਆਪਰੇਟਰ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਵਾਸੀ ਬੱਲੂਆਣਾ, ਜ਼ਿਲ੍ਹਾ ਬਠਿੰਡਾ ਵੱਲੋਂ ਦਰਜ ਕਰਵਾਏ ਗਏ ਬਿਆਨ ਅਤੇ ਰਿਕਾਰਡਿੰਗ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੋਸ਼ ਲਗਾਇਆ ਕਿ ਉਕਤ ਕੰਪਿਊਟਰ ਆਪਰੇਟਰ ਨੇ ਉਸ ਦੇ ਚਾਚਾ ਦੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਉਸ ਦੀ ਮਦਦ ਕਰਨ ਦੇ ਬਦਲੇ 12,000 ਰੁਪਏ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਲੈ ਕੇ ਹੋਈ ਗੱਲਬਾਤ ਨੂੰ ਸ਼ਿਕਾਇਤਕਰਤਾ ਵੱਲੋਂ ਆਪਣੇ ਮੋਬਾਇਲ ’ਚ ਰਿਕਾਰਡ ਕਰ ਲਿਆ ਗਿਆ, ਜਿਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਦੀ ਟੀਮ ਨੇ ਉਕਤ ਮੁਲਜ਼ਮ ਲਾਭਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਅਤੇ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪਾਇਆ ਪਰ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ।