ਪਟਿਆਲਾ ’ਚ ਅੱਜ ਤੜਕਸਾਰ ਤੰਦਰੁਸਤ ਪੰਜਾਬ ਅਤੇ ਡਰੱਗ ਅਵੇਅਰਨੈਸ ਨੂੰ ਲੈ ਕੇ ਸਾਇਕਲਾਂ ’ਤੇ ਇੱਕ ਰੈਲ੍ਹੀ ਕੱਢੀ ਗਈ। ਇਸ ਮੌਕੇ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਡਰੱਗ ਅਵੇਅਰਨੈਸ ਦੇ ਤੌਰ ’ਤੇ ਪਟਿਆਲੇ ਦੇ ਵਿੱਚ ਸਾਈਕਲ ਰੈਲ੍ਹੀ ਕੱਢੀ ਜਾ ਰਹੀ ਹੈ ਤਾਂ ਜੋ ਰੈਲ੍ਹੀ ਦੁਆਰਾ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੇ ਨਿਰਦੇਸ਼ ਹਨ ਕਿ ਇਸ ਸੰਬੰਧੀ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ, ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਤਾਂ ਕਿ ਉਹ ਡਰੱਗਸ ਨਾ ਲੈਣ। ਜੇ ਕੋਈ ਬੱਚੇ ਦੇ ਮਨ ਦੇ ਵਿੱਚ ਕੋਈ ਫਰਸਟਰੇਸ਼ਨ ਹੈ ਉਸਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖੁਰਾਕ ਦੇ ਕੇ ਖੇਡਾਂ ਵਾਲੇ ਪਾਸੇ ਜੋੜ ਕੇ ਦੂਰ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਇਸ ਖੇਤਰ ਦੇ ਵਿੱਚ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਕਿਸੇ ਡਰੱਗ ਸਪਲਾਇਰ ਦੀ ਜਾਣਕਾਰੀ ਮਿਲੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਇਸ ਦੇ ਨਾਲ ਹੀ ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਆਪਾਂ ਸਾਰੇ ਜਾਣਦੇ ਆ ਕਿ ਨਸ਼ਾ ਇੱਕ ਆਈਡੈਂਟਫਾਈਡ ਇਸ਼ੂ ਹੈ, ਪੰਜਾਬ ਸਰਕਾਰ ਦੀ ਤਰਫੋਂ ਇਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਐ। ਆਪਾਂ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਨਸ਼ੇ ਤੋਂ ਦੂਰ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪਿਛਲੇ ਸਾਲ ਕਰੀਬ ਚਾਰ ਲੱਖ ਬੱਚਿਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਤੰਦਰੁਸਤ ਰੱਖਣਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ।

