ਜਲੰਧਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਮਿਆਰੀ ਸਿੱਖਿਆ ਦਿਵਾਉਣਾ ਹੈ। ਇਸ ਮਕਸਦ ਲਈ ‘ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ। ਸਕੂਲ ਆਫ ਐਮੀਨੈਂਸ ‘ਚ ਸਮਾਰਟ ਬੁਨਿਆਦੀ ਢਾਂਚਾ ਅਤੇ ਪ੍ਰਯੋਗਸ਼ਾਲਾਵਾਂ ਅਤੇ ਵੱਖ-ਵੱਖ ਖੇਡ ਸਹੂਲਤਾਂ ਵਾਲੇ ਖੇਡਾਂ ਦੇ ਮੈਦਾਨ ਹਨ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯੋਜਨਾ ਪੂਰੇ ਸੂਬੇ ‘ਚ ਅਜਿਹੇ 117 ਸਕੂਲ ਖੋਲ੍ਹਣ ਅਤੇ ਉਨ੍ਹਾਂ ਨੂੰ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਉੱਤਮਤਾ ਦੇ ਕੇਂਦਰ ਦੇ ਰੂਪ ‘ਚ ਵਿਕਸਿਤ ਕਰਨ ਦੀ ਹੈ।
ਸਕੂਲ ਆਫ਼ ਐਮੀਨੈਂਸ ਇਕ ਅਜਿਹਾ ਮਾਡਲ, ਜਿਸ ਨੂੰ ਸਿਰਫ਼ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਦੁਹਰਾਇਆ ਜਾ ਸਕਦਾ ਹੈ। ਸਕੂਲ ਆਫ ਐਮੀਨੈਂਸ ਸੰਕਲਪ ਰਵਾਇਤੀ ਅਧਿਆਪਨ ਵਿਧੀਆਂ ਤੋਂ ਪਰ੍ਹੇ ਹਨ। ਇਹ ਅਤਿ-ਆਧੁਨਿਕ ਸਿੱਖਿਆ, ਬੁਨਿਆਦੀ ਢਾਂਚੇ ਤੇ ਵਿਦਿਆਰਥੀ ਵਿਕਾਸ ਲਈ ਸੰਪੂਰਨ ਪਹੁੰਚ ਦੀ ਬੁਨਿਆਦ ’ਤੇ ਬਣਾਏ ਗਏ ਹਨ। ਇਹ ਸਕੂਲ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ।
ਇਨ੍ਹਾਂ ਸਕੂਲਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ‘ਚ 25 ਫ਼ੀਸਦੀ ਸੀਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਰੱਖੀਆਂ ਗਈਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਵਿਸ਼ਵ ਪੱਧਰੀ ਸਿੱਖਿਆ ਦਾ ਲਾਭ ਲੈ ਸਕਨਗੇ।

