ਸੂਬੇ ’ਚ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਕਹਿਰ ਬਰਪਾ ਰਿਹਾ ਹੈ, ਪਰ ਇਸ ’ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਕਾਰਵਾਈ ਕਰਦੇ ਹੋਏ ਮਾਨ ਪ੍ਰਸ਼ਾਸਨ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੇਨ ਕਿੱਲਰ (Pain Killer) ਹੱਡੀ ਰੋਗਾਂ ਅਤੇ ਨਾੜਾਂ ਲਈ ਵਰਤੇ ਜਾਂਦੇ ਪ੍ਰੇਗਾਬਾਲਿਨ ਨਾਂ ਦੇ ਸਾਲਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਸ ਦਵਾਈ ਦੀ ਕੁਝ ਲੋਕਾਂ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਇਨਸਾਨ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ। ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇਸ ਦਵਾਈ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਇਸ ਦਵਾਈ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਮੋਗਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿਚ ਲਗਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਇਨਸਾਨ ਨੂੰ ਨਸ਼ਾ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਇਸ ਦਾ ਅਸਰ ਕਰੀਬ 7 ਤੋਂ 8 ਘੰਟਿਆਂ ਤੱਕ ਰਹਿੰਦਾ ਹੈ। ਡਾਕਟਰਾਂ ਵੱਲੋਂ ਇਸ ਦਵਾਈ ਦੀ ਵਰਤੋਂ ਹੱਡੀਆਂ ਰੋਗਾਂ ਅਤੇ ਨਾੜਾਂ ਲਈ ਵਰਤੀ ਜਾਂਦੀ ਹੈ ਅਤੇ ਇਸ ਦੀ ਮਾਤਰਾ 300 ਮਿਲੀਗ੍ਰਾਮ ਤੱਕ ਮੌਜੂਦ ਹੈ। ਤਰਨਤਾਰਨ ਦੇ SSP ਗੌਰਵ ਧੂਰਾ ਨੇ ਇਸ ਦਵਾਈ ਦੀ ਵਰਤੋਂ ’ਤੇ ਸਖ਼ਤ ਨੋਟਿਸ ਲਿਆ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੂੰ ਪੱਤਰ ਲਿਖਦੇ ਹੋਏ ਐਕਸ਼ਨ ਲੈਣ ਲਈ ਅਪੀਲ ਕੀਤੀ ਸੀ। ਇਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰੇਗਾਬਾਲਿਨ ਸਾਲਟ ਦੀ ਵਰਤੋਂ, ਸਟਾਕ ਅਤੇ ਵੇਚਣ ’ਤੇ ਰੋਕ ਲਗਾ ਦਿੱਤੀ ਗਈ ਹੈ।