ਲੁਧਿਆਣਾ : ਲੁਧਿਆਣਾ ਵਿਚ ਇਕ 13 ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਸੀ, ਜਿਸ ਮਗਰੋਂ ਬੱਚੀ ਨੇ ਮਰੀ ਹੋਈ ਬੱਚੀ ਨੂੰ ਜਨਮ ਵੀ ਦਿੱਤਾ ਸੀ। ਇਸ ਮਾਮਲੇ ਵਿਚ ਪੀੜਤਾ ਦੇ ਮਾਂ ਨੇ ਇਨਸਾਫ਼ ਲੈਣ ਲਈ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਪੀੜਤਾ ਦੀ ਮਾਂ ਨੇ ਕਿਹਾ ਕਿ ਉਸ ਦੀ ਧੀ ਨਾਲ ਦਰਿੰਦਗੀ ਕਰਨ ਵਾਲੇ ਆਜ਼ਾਦ ਘੁੰਮ ਰਹੇ ਹਨ। ਉਸ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਮੁਤਾਬਕ ਗਿਆਸਪੁਰਾ ਇਲਾਕੇ ਵਿਚ ਪੀੜਤਾ ਦੇ ਮਕਾਨ ਮਾਲਕ ਨੇ ਦੱਸਿਆ ਕਿ 4 ਲੋਕਾਂ ਨੇ ਬੱਚੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਕਾਰਨ 13 ਸਾਲਾ ਮਾਸੂਮ ਗਰਭਵਤੀ ਹੋ ਗਈ ਤੇ ਪੀੜਤ ਕੁੜੀ ਨੇ ਸਾਢੇ 6 ਮਹੀਨੇ ਦੀ ਇਕ ਮਰੀ ਹੋਈ ਬੱਚੀ ਨੂੰ ਜਨਮ ਵੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਥਾਨਕ ਪੁਲਸ ਵੱਲੋਂ ਸੁਣਵਾਈ ਨਾ ਹੋਣ ਮਗਰੋਂ ਪੀੜਤ ਪਰਿਵਾਰ ਵੱਲੋਂ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ, ਪਰ ਇਸ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।