ਨਾਂਦੇੜ- ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਯਾਨੀ ਕਿ ਬੁੱਧਵਾਰ ਨੂੰ ਨਾਂਦੇੜ ਦਾ ਦੌਰਾ ਕਰੇਗੀ। ਰਾਸ਼ਰਟਪਤੀ ਮੁਰਮੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣਗੇ। ਜਾਣਕਾਰੀ ਮੁਤਾਬਕ ਰਾਸ਼ਟਰਪਤੀ ਸ਼ਾਮ 5.15 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬ ਵਿਖੇ ਰਾਸ਼ਟਰਪਤੀ ਮੁਰਮੂ ਰੁੱਖ ਵੀ ਲਾਵੇਗੀ।
ਇਸ ਤੋਂ ਇਲਾਵਾ ਲਾਤੂਰ ਜ਼ਿਲ੍ਹੇ ਦੇ ਉਦਗੀਰ ਵਿਖੇ ਬੁੱਧ ਵਿਹਾਰ ਦਾ ਉਦਘਾਟਨ 4 ਸਤੰਬਰ 2024 ਨੂੰ ਹੋ ਰਿਹਾ ਹੈ, ਜਿਸ ਵਿਚ ਰਾਸ਼ਟਰਪਤੀ ਮੁਰਮੂ ਸ਼ਿਰਕਤ ਕਰਨਗੇ। ਰਾਸ਼ਟਰਪਤੀ ਮੁਰਮੂ ਹੈਲੀਕਾਪਟਰ ਰਾਹੀਂ ਉਦਗੀਰ ਵਿਖੇ ਬੁੱਧ ਵਿਹਾਰ ਦੇ ਉਦਘਾਟਨ ਪ੍ਰੋਗਰਾਮ ਲਈ ਰਵਾਨਾ ਹੋਣਗੇ। ਬੁੱਧ ਵਿਹਾਰ ਦੇ ਉਦਘਾਟਨੀ ਪ੍ਰੋਗਰਾਮ ਤੋਂ ਬਾਅਦ ਉਹ ਮੁੱਖ ਮੰਤਰੀ ਮਹਿਲਾ ਸੁਰੱਖਿਆਕਰਨ ਮੁਹਿੰਮ ਵਿਚ ਹਿੱਸਾ ਲੈਣਗੇ। ਇਸ ਸਮਾਗਮ ਵਿਚ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਅਜੀਤ ਪਵਾਰ, ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਾਵਲੇ, ਪੇਂਡੂ ਵਿਕਾਸ ਮੰਤਰੀ ਅਤੇ ਜ਼ਿਲ੍ਹੇ ਦੇ ਸਰਪ੍ਰਸਤ ਮੰਤਰੀ ਗਿਰੀਸ਼ ਮਹਾਜਨ, ਖੇਡ ਮੰਤਰੀ ਸੰਜੇ ਬੰਸੋਡੇ ਅਤੇ ਕੈਬਨਿਟ ਦੇ ਵੱਖ-ਵੱਖ ਮੈਂਬਰ ਮੌਜੂਦ ਰਹਿਣਗੇ।