ਨਵੀਂ ਦਿੱਲੀ- ‘ਆਪ੍ਰੇਸ਼ਨ ਕਵਚ-5.0’ ਤਹਿਤ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਬੀਤੀ 31 ਅਗਸਤ ਤੇ 1 ਸਤੰਬਰ ਦੀ ਰਾਤ 15 ਜ਼ਿਲ੍ਹਿਆਂ ਵਿਚ 325 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ 74 ਨਾਰਕੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਕਰੋੜਾਂ ਰੁਪਿਆਂ ਦੀ ਡਰੱਗਜ਼ ਬਰਾਮਦ ਕੀਤੀ ਗਈ। ਆਪ੍ਰੇਸ਼ਨ ਦੌਰਾਨ ਲੱਗਭਗ 108.93 ਗ੍ਰਾਮ ਹੈਰੋਇਨ, 66.28 ਕਿਲੋਗ੍ਰਾਮ ਗਾਂਜਾ, 1100 ਗ੍ਰਾਮ ਚਰਸ ਤੇ 16 ਗ੍ਰਾਮ ਐੱਮ. ਡੀ. ਐੱਮ. ਏ. ਬਰਾਮਦ ਕੀਤਾ ਗਿਆ। ਇਸ ਆਪ੍ਰੇਸ਼ਨ ਵਿਚ ਹੈਰੋਇਨ, ਗਾਂਜਾ, ਚਰਸ ਵਰਗੇ ਨਸ਼ੀਲੇ ਪਦਾਰਥ ਬਰਾਮਦ ਹੋਏ। ਇਸ ਤੋਂ ਇਲਾਵਾ ਦਿੱਲੀ ਆਬਕਾਰੀ ਐਕਟ ਤਹਿਤ 54 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ 54 ਦੋਸ਼ੀ ਗ੍ਰਿਫ਼ਤਾਰ ਹੋਏ ਹਨ ਅਤੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਦਿੱਲੀ ਪੁਲਸ ਨੇ ਦੱਸਿਆ ਕਿ ਸਾਲ 2024 ਵਿਚ ਹੁਣ ਤੱਕ 961 ਡਰੱਗ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਹੈਰੋਇਨ, ਸਮੈਕ, ਕੋਕੀਨ, ਗਾਂਜਾ, ਅਫੀਮ, ਚਰਸ ਅਤੇ ਪੋਸਟ ਵਰਗੇ ਨਸ਼ੀਲੇ ਪਦਾਰਥ ਭਾਰੀ ਮਾਤਰਾ ਵਿਚ ਬਰਾਮਦ ਹੋਏ ਹਨ। ਪੁਲਸ ਨੇ ਇਸ ਮੁਹਿੰਮ ਦਾ ਮਕਸਦ ਡਰੱਗ ਤਸਕਰੀ ‘ਤੇ ਲਗਾਮ ਲਾਉਣਾ ਹੈ। ਪੁਲਸ ਦੀ ਇਸ ਛਾਪੇਮਾਰੀ ਮਗਰੋਂ ਰਾਜਧਾਨੀ ਦੇ ਡਰੱਗ ਤਸਕਰਾਂ ‘ਚ ਦਹਿਸ਼ਤ ਦਾ ਮਾਹੌਲ ਹੈ।