ਸ੍ਰੀ ਕੀਰਤਪੁਰ ਸਾਹਿਬ – ਪਤਾਲਪੁਰੀ ਚੌਂਕ ਕੀਰਤਪੁਰ ਸਾਹਿਬ ਵਿਖੇ ਆਕਸੀਜਨ ਗੈਸ ਦੇ ਸਿਲੰਡਰਾਂ ਨਾਲ ਭਰਿਆ ਕੈਂਟਰ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਸਿਲੰਡਰਾਂ ਨੂੰ ਭਿਆਨਕ ਅੱਗ ਲੱਗ ਗਈ। ਕੈਂਟਰ ਚਾਲਕ ਨੂੰ 1 ਘੰਟੇ ਬੜੀ ਮੁਸ਼ੱਕਤ ਦੇ ਨਾਲ ਕੈਬਿਨ ਵਿੱਚੋਂ ਕੱਢ ਕੇ ਹਸਪਤਾਲ ਭੇਜਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ ਦਿੱਲੀ ਤੋਂ ਨੰਗਲ ਲਈ ਗੈਸ-ਸਿਲੰਡਰ ਲੈ ਕੇ ਜਾ ਰਿਹਾ ਇਕ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਜਿੱਥੇ ਕੈਂਟਰ ਚਾਲਕ ਇਸ ਕੈਂਟਰ ਵਿੱਚ ਫਸ ਗਿਆ, ਉਥੇ ਨਾਲ ਹੀ ਇਸ ਕੈਂਟਰ ਦੇ ਵਿੱਚ ਲੱਦੇ ਹੋਏ ਸਿਲੰਡਰਾਂ ਨੂੰ ਭਿਆਨਕ ਅੱਗ ਲੱਗ ਗਈ। ਸਿਲੰਡਰਾਂ ਵਿਚ ਆਕਸੀਜਨ ਗੈਸ ਸੀ। ਮੌਕੇ ‘ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਕਿਉਂਕਿ ਅੱਗ ਲਗਾਤਾਰ ਵੱਧ ਰਹੀ ਸੀ। ਜਿਸ ਤੋਂ ਬਾਅਦ ਰੂਪਨਗਰ ਨੰਗਲ ਅਤੇ ਨੇੜਲੀ ਫੈਕਟਰੀ ਅਲਟਰੈਕ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪੁਲਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਮ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਪਹਿਲਾਂ ਤਾਂ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ ਅਤੇ ਫਿਰ ਦੂਜੇ ਪਾਸੇ ਨੂੰ ਮਚੀ ਹੋਈ ਅੱਗ ‘ਤੇ ਕਾਬੂ ਪਾਇਆ ਗਿਆ।