ਫਾਜ਼ਿਲਕਾ ਦੇ ਪਿੰਡ ਕਟਿਹਾਡਾ ਦੇ ਸਰਕਾਰੀ ਸਕੂਲ ਦੇ ਅਧਿਆਪਕ ‘ਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਾ ਹੈ। ਇਸ ਸਬੰਧੀ ਅੱਜ ਪਿੰਡ ਵਾਸੀਆਂ ਨੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਜੇਕਰ ਕੋਈ ਛੇੜਛਾੜ ਦਾ ਵਿਰੋਧ ਕਰਦਾ ਹੈ ਤਾਂ ਉਸ ਨਾਲ ਅਸ਼ਲੀਲ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ।
ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦਿਆਂ ਹੁਣ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਪਿੰਡ ਦੀਆਂ ਔਰਤਾਂ ਸੰਤੋਸ਼, ਸੀਮਾ ਦੇਵੀ, ਬਿੰਦਰ ਅਤੇ ਮੰਜੂ ਰਾਣੀ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਸਕੂਲ ਵਿੱਚ ਪੜ੍ਹਦੀਆਂ ਹਨ। ਜਿੱਥੇ ਸਕੂਲ ਦਾ ਇੱਕ ਡੀਪੀ ਅਧਿਆਪਕ ਅਕਸਰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਾ ਹੈ। ਨਾਲ ਹੀ ਗਲਤ ਕੰਮ ਕੀਤਾ ਜਾਂਦਾ ਹੈ। ਲੜਕੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਗੁੱਸੇ ‘ਚ ਆ ਗਈਆਂ ਅਤੇ ਪਿੰਡ ਦੇ ਲੋਕਾਂ ਦੇ ਨਾਲ ਸਕੂਲ ਦੇ ਬਾਹਰ ਪਹੁੰਚ ਕੇ ਧਰਨਾ ਲਗਾ ਦਿੱਤਾ।
ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਨੂੰ ਲਿਖਤੀ ਰੂਪ ਵਿੱਚ ਲਿਆ ਗਿਆ ਹੈ। ਇਸ ਦੀ ਸ਼ਿਕਾਇਤ ਡੀ.ਈ.ਓ. ਦੇ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਬੁਲਾ ਕੇ ਸਮਝਾਇਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਓਧਰ ਇਸ ਸਬੰਧੀ ਫਾਜ਼ਿਲਕਾ ਦੇ ਡੀਐਸਪੀ ਕੰਵਲਪਾਲ ਸਿੰਘ ਨੇ ਕਿਹਾ ਕਿ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਵਿਗੜ ਨਾ ਸਕੇ, ਜਦੋਂਕਿ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।