ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਨੰਦੂਰਬਾਰ ‘ਚ ਵਿਰੋਧੀ ਮਹਾਵਿਕਾਸ ਅਘਾੜੀ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸੰਜੇ ਰਾਉਤ ਦੇ ਆਪਣੇ ਖਿਲਾਫ ਦਿੱਤੇ ਇਤਰਾਜ਼ਯੋਗ ਬਿਆਨ ਦਾ ਵੀ ਜ਼ਿਕਰ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਨੇ ਕਿਹਾ ਕਿ ਕੱਲ੍ਹ ਹੀ ਸ਼ਿਵ ਸੈਨਾ ਵਾਲਿਆਂ ਨੇ ਫਿਰ ਦਿਖਾ ਦਿੱਤਾ ਹੈ ਕਿ ਉਹ ਗਰੀਬਾਂ ਨਾਲ ਕਿੰਨੀ ਨਫ਼ਰਤ ਕਰਦੇ ਹਨ। ਇਹ ਨਕਲੀ ਸ਼ਿਵ ਸੈਨਾ ਵਾਲੇ ਮੈਨੂੰ ਜ਼ਿੰਦਾ ਦਫ਼ਨਾਉਣ ਦੀ ਗੱਲ ਕਰ ਰਹੇ ਹਨ। ਇੱਕ ਪਾਸੇ ਕਾਂਗਰਸ ਹੈ, ਜੋ ਕਹਿੰਦੀ ਹੈ- ਮੋਦੀ ਤੇਰੀ ਕਬਰ ਪੁੱਟੀ ਜਾਵੇਗੀ, ਦੂਜੇ ਪਾਸੇ ਇਹ ਨਕਲੀ ਸ਼ਿਵ ਸੈਨਾ ਮੈਨੂੰ ਜ਼ਿੰਦਾ ਦਫ਼ਨ ਕਰਨ ਦੀ ਗੱਲ ਕਰਦੀ ਹੈ। ਮੇਰੇ ਨਾਲ ਦੁਰਵਿਵਹਾਰ ਕਰਨ ਦੇ ਬਾਵਜੂਦ ਇਹ ਲੋਕ ਤੁਸ਼ਟੀਕਰਨ ਦਾ ਪੂਰਾ ਧਿਆਨ ਰੱਖਦੇ ਹਨ।
ਇਸ ਦੇ ਨਾਲ ਪੀਐਮ ਨੇ ਮਹਾਵਿਕਾਸ ਅਗਾੜੀ ਨੂੰ ਹੋਰ ਘੇਰਦਿਆਂ ਕਿਹਾ, “ਇਹ ਭਾਸ਼ਾ ਤੁਸ਼ਟੀਕਰਨ ਲਈ ਬੋਲੀ ਜਾ ਰਹੀ ਹੈ। ਉਹ ਸੁਪਨੇ ਲੈ ਰਹੇ ਹਨ ਕਿ ਉਹ ਮੋਦੀ ਨੂੰ ਜ਼ਮੀਨ ਵਿੱਚ ਦੱਬ ਦੇਣਗੇ। ਉਨ੍ਹਾਂ ਦਾ ਸਿਆਸੀ ਜ਼ਮੀਨ ਖਿਸਕ ਗਿਆ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਦੇਸ਼ ਦੀਆਂ ਮਾਵਾਂ-ਭੈਣਾਂ ਮੋਦੀ ਦੀਆਂ ਰੱਖਿਅਕ ਹਨ। ਇਹ ਮਾਂ-ਸ਼ਕਤੀ ਮੇਰੀ ਰੱਖਿਆਤਮਕ ਢਾਲ ਹੈ। ਮੈਨੂੰ ਮਾਤ ਸ਼ਕਤੀ ਦੀ ਇੰਨੀ ਬਖਸ਼ਿਸ਼ ਹੈ ਕਿ ਮੋਦੀ ਮਰਨ ਤੋਂ ਬਾਅਦ ਵੀ ਜ਼ਮੀਨ ਵਿੱਚ ਨਹੀਂ ਦੱਬੇ ਜਾਣਗੇ।
ਦਰਅਸਲ ਪੀਐੱਮ ਦੀ ਇਹ ਟਿੱਪਣੀ ਸ਼ਿਵ ਸੈਨਾ ਯੂਬੀਟੀ ਨੇਤਾ ਸੰਜੇ ਰਾਉਤ ਦੇ ਵਿਵਾਦਿਤ ਬਿਆਨ ਤੋਂ ਬਾਅਦ ਆਈ ਹੈ, ਜਦੋਂ ਓਹਨਾਂ ਕਿਹਾ ਕਿ ਔਰੰਗਜ਼ੇਬ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ। ਅਸੀਂ ਮਹਾਰਾਸ਼ਟਰ ਵਿੱਚ ਉਸਦੀ ਕਬਰ ਪੁੱਟੀ ਅਤੇ ਉਸਨੂੰ ਇੱਥੇ ਦਫ਼ਨਾਇਆ। ਮੋਦੀ ਸਾਡੇ ਨਾਲ ਔਰੰਗਜ਼ੇਬ ਵਾਂਗ ਵਿਵਹਾਰ ਕਰ ਰਹੇ ਹਨ।