ਜੈਪੁਰ – ਰਾਜਸਥਾਨ ‘ਚ ਸਿਰੋਹੀ ਜ਼ਿਲ੍ਹੇ ਦੇ ਪਿੰਡਵਾੜਾ ਖੇਤਰ ‘ਚ ਐਤਵਾਰ ਰਾਤ ਇਕ ਜੀਪ ਅਤੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਬੱਚੇ ਅਤੇ 2 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਉਦੇਪੁਰ ਜ਼ਿਲ੍ਹੇ ਦੇ ਓਗਣਾ ਦੇ ਰਹਿਣ ਵਾਲੇ ਇਹ ਮਜ਼ਦੂਰ ਇਕ ਜੀਪ ‘ਚ ਬੈਠ ਕੇ ਬਾਲੋਤਰਾ ਜ਼ਿਲ੍ਹੇ ਦੇ ਨਾਕੋਡਾਜੀ ‘ਚ ਮਜ਼ਦੂਰੀ ਲਈ ਜਾ ਰਹੇ ਸਨ ਕਿ ਰਾਤ ਕਰੀਬ 8.30 ਪਾਲਨਪੁਰ ਨੈਸ਼ਨਲ ਹਾਈਵੇਅ ਸੰਖਿਆ-27 ‘ਤੇ ਸਾਹਮਣੇ ਤੋਂ ਆ ਰਿਹਾ ਟੈਂਕਰ ਅਤੇ ਉਨ੍ਹਾਂ ਦੀ ਜੀਪ ਟਕਰਾ ਗਏ।
ਮ੍ਰਿਤਕਾਂ ‘ਚ ਓਗਣਾ ਵਾਸੀ ਧਨਪਾਲ (24), ਹੇਮੰਤ (21), ਰਾਕੇਸ਼ (25), ਮੁਕੇਸ਼ (25), ਜੀਪ ਡਰਾਈਵਰ ਸੁਮੇਰਪੁਰ ਵਾਸੀ ਕਾਨਾਰਾਮ, ਠੇਕੇਦਾਰ ਸ਼ਿਵਗੰਜ ਵਾਸੀ ਵਰਦਾਰਾਮ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਘਟਨਾ ‘ਚ ਗੰਭੀਰ ਰੂਪ ਨਾਲ ਜ਼ਖ਼ਮੀ ਚਾਰ ਲੋਕਾਂ ਨੂੰ ਉਦੇਪੁਰ ਰੈਫਰ ਕੀਤਾ ਗਿਆ, ਜਦੋਂ ਕਿ ਹੋਰ ਨੂੰ ਸਿਰੋਹੀ ਦੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਟੈਂਕਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।