ਸਮਰਾਲਾ : ਇਕ ਪਾਸੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਲਈ ਆਮ ਆਦਮੀ ਕਲੀਨਿਕ ਖੋਲ੍ਹ ਕੇ ਉਨ੍ਹਾਂ ਨੂੰ ਨੇੜੇ ਤੋਂ ਸਿਹਤ ਸਹੂਲਤਾਂ ਦੇਣ ਦੇ ਉਪਰਾਲੇ ਕਰ ਰਹੀ ਹੈ, ਪਰ ਦੂਜੇ ਪਾਸੇ ਸਿਹਤ ਵਿਭਾਗ ਦੀਆ ਅਣਗਹਿਲੀਆਂ ਦੀ ਬਦੌਲਤ ਹਸਪਤਾਲਾਂ ਅੰਦਰ ਦਵਾਈਆਂ ਦੀ ਮਿਆਦ ਖ਼ਤਮ ਹੋ ਰਹੀ ਹੈ ਤੇ ਮਰੀਜ਼ ਦਵਾਈਆਂ ਨੂੰ ਤਰਸ ਰਹੇ ਹਨ। ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਸਮਰਾਲਾ ਵਿਖੇ ਸਾਹਮਣੇ ਆਇਆ ਹੈ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਹਸਪਤਾਲ ’ਚ ਅਚਾਨਕ ਛਾਪੇਮਾਰੀ ਕਰਦਿਆਂ ਦਵਾਈਆਂ ਦੇ ਸਟੋਰ ’ਚੋਂ ਲੱਖਾਂ-ਕਰੋੜਾਂ ਰੁਪਏ ਦੀਆਂ ਮਿਆਦ ਪੁੱਗ ਚੁੱਕੀਆਂ ਦਵਾਈਆਂ ਦਾ ਭੰਡਾਰ ਫੜ੍ਹਿਆ।
ਸਿਵਲ ਹਸਪਤਾਲ ’ਚ ਉਸ ਸਮੇਂ ਹਫੜਾ-ਤਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਵਿਧਾਇਕ ਦਿਆਲਪੁਰਾ ਨੇ ਅਚਾਨਕ ਛਾਪੇਮਾਰੀ ਕੀਤੀ। ਉਨ੍ਹਾਂ ਜਦ ਸਟਾਫ ਕਰਮਚਾਰੀਆਂ ਤੋਂ ਦਵਾਈਆਂ ਦੇ ਬੰਦ ਪਏ ਸਟੋਰ ਦੀ ਚਾਬੀ ਮੰਗੀ ਤਾਂ ਮੁਲਾਜ਼ਮਾਂ ਵੱਲੋਂ ਚਾਬੀ ਦੇਣ ਤੋਂ ਆਨਾਕਾਨੀ ਕੀਤੀ ਗਈ। ਉਪਰੰਤ ਵਿਧਾਇਕ ਨੇ ਇੱਟ ਨਾਲ ਖੁਦ ਤਾਲਾ ਤੋੜਦਿਆਂ ਸਟੋਰ ਅੰਦਰੋਂ ਮਿਆਦ ਮੁਕੀਆਂ ਦਵਾਈਆਂ ਦਾ ਜਖੀਰਾ ਬਰਾਮਦ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਅਨੁਸਾਰ ਇਮਾਨਦਾਰੀ ਨਾਲ ਸਿਹਤ ਵਿਭਾਗ ਰਾਹੀਂ ਮੁਫ਼ਤ ’ਚ ਦਵਾਈਆਂ ਦੇਣ ਦਾ ਕੰਮ ਕਰ ਰਹੀ ਹੈ ਪਰ ਇਹ ਵਿਭਾਗ ਦੀ ਅਣਗਹਿਲੀ ਹੈ ਕਿ ਇੱਥੇ ਲੱਖਾਂ-ਕਰੋੜਾਂ ਦੀਆਂ ਦਵਾਈਆਂ ਆਪਣੀਆਂ ਮਿਆਦ ਪੂਰੀ ਕਰ ਕੇ ਮਿੱਟੀ ਹੋ ਰਹੀਆਂ ਹਨ।ਵਿਧਾਇਕ ਨੇ ਕਿਹਾ ਕਿ ਮਾਮਲੇ ’ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।