ਕਿੱਥੇ ਗਾਇਬ ਹੋ ਗਿਆ, ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੋਸ਼ਨ ਸਿੰਘ ਸੋਢੀ, ਦੇਖੋ ਰਿਪੋਰਟ
ਨਵੀਂ ਦਿੱਲੀ- ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੇ ਲਾਪਤਾ ਹੋਣ ਦਾ ਭੇਤ ਹੋਰ ਡੂੰਘਾ ਹੋ ਗਿਆ ਹੈ। ਦਿੱਲੀ ਪੁਲਿਸ ਮੁਤਾਬਕ ਅਭਿਨੇਤਾ ਗੁਰਚਰਨ ਸਿੰਘ ਕਿਸੇ ਦੁਆਰਾ ਨਿਗਰਾਨੀ ਹੋਣ ਦੇ ਡਰ ਤੋਂ 27 ਵੱਖ-ਵੱਖ ਈਮੇਲ ਖਾਤਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ। ਜਾਂਚ ਨਾਲ ਜੁੜੇ ਇਕ ਪੁਲਿਸ ਅਧਿਕਾਰੀ ਦੇ ਅਨੁਸਾਰ, ਅਭਿਨੇਤਾ ਨੂੰ ਸ਼ੱਕ ਸੀ ਕਿ ਉਸ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਉਹ ਅਕਸਰ ਆਪਣੇ ਈਮੇਲ ਅਕਾਊਂਟ ਬਦਲਦਾ ਰਹਿੰਦਾ ਸੀ। ਤੁਹਾਨੂੰ ਦੱਸ ਦਈਏ ਕਿ ਅਦਾਕਾਰ ਗੁਰਚਰਨ ਸਿੰਘ ਨੇ 22 ਅਪ੍ਰੈਲ ਦੀ ਸ਼ਾਮ ਨੂੰ ਮੁੰਬਈ ਲਈ ਫਲਾਈਟ ਲੈਣੀ ਸੀ, ਪਰ ਨਾ ਹੀ ਉਨ੍ਹਾਂ ਨੇ ਆਪਣੀ ਫਲਾਈਟ ਲਈ ਤੇ ਨਾ ਹੀ ਉਹ ਦਿੱਲੀ ਏਅਰਪੋਰਟ ’ਤੇ ਪਹੁੰਚੇ। ਪਾਲਮ ਦੇ ਰਹਿਣ ਵਾਲੇ ਉਸ ਦੇ ਪਿਤਾ ਨੇ ਗੁਰਚਰਨ ਸਿੰਘ ਨਾਲ ਫ਼ੋਨ ‘ਤੇ ਸੰਪਰਕ ਨਾ ਹੋਣ ‘ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਪਾਲਮ ਪੁਲਿਸ ਸਟੇਸ਼ਨ ਵਿੱਚ 26 ਅਪ੍ਰੈਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 365 ਤਹਿਤ ਅਗਵਾ ਕਰਨ ਦਾ ਮਾਮਲਾ ਦਰਜ਼ ਕਰ ਲਿਆ ਗਿਆ। ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਇੱਕ ਪੁਲਿਸ ਟੀਮ ਨੂੰ ਅਭਿਨੇਤਾ ਦੇ ਮੋਬਾਈਲ ਫੋਨ ਤੋਂ ਉਸਦੀ ਲੋਕੇਸ਼ਨ ਟਰੇਸ ਕਰਨ ਦਾ ਕੰਮ ਸੌਂਪਿਆ ਗਿਆ ਹੈ। ਜੋ ਕਿ 22 ਅਪ੍ਰੈਲ ਦੀ ਰਾਤ 9.22 ਵਜੇ ਤੋਂ ਬੰਦ ਐ। ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ, ਗੁਰਚਰਨ ਸਿੰਘ ਦੀ ਆਖਰੀ ਲੋਕੇਸ਼ਨ ਦੱਖਣ-ਪੱਛਮੀ ਦਿੱਲੀ ਦੇ ਡਾਬਰੀ ਵਿੱਚ ਪਾਈ ਗਈ, ਜਿੱਥੇ ਉਹ ਆਈਜੀਆਈ ਹਵਾਈ ਅੱਡੇ ਦੇ ਨੇੜੇ ਕਿਰਾਏ ‘ਤੇ ਲਏ ਇੱਕ ਈ-ਰਿਕਸ਼ਾ ਵਿੱਚ ਪਹੁੰਚਿਆ ਸੀ। ਫਿਲਹਾਲ ਅਪਰਾਧ ਸ਼ਾਖਾ ਅਤੇ ਵਿਸ਼ੇਸ਼ ਸੈੱਲ ਸਮੇਤ ਘੱਟੋ-ਘੱਟ ਇਕ ਦਰਜ਼ਨ ਪੁਲਿਸ ਦੀਆਂ ਟੀਮਾਂ ਗੁਰਚਰਨ ਸਿੰਘ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ।