ਬਟਾਲਾ : ਅੱਜ ਸਵੇਰੇ ਤੜਕਸਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਆ ਰਹੇ ਦੋ ਦੋਸਤਾਂ ਵਿਚੋਂ ਇਕ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਮੁਤਾਬਕ ਰਾਮ ਪੁੱਤਰ ਰਾਜੂ ਅਤੇ ਮੰਗਲ ਦਾਸ ਪੁੱਤਰ ਲਕਸ਼ਮੀ ਦਾਸ ਵਾਸੀਆਨ ਗਾਂਧੀ ਨਗਰ ਕੈਂਪ ਬਟਾਲਾ, ਜੋ ਕਿ ਦੋਸਤ ਹਨ, ਬੀਤੀ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੇ ਪਲਸਰ ਮੋਟਰਸਾਈਕਲ ਨੰ. ਪੀ. ਬੀ. 06ਏ. ਬੀ. 5569 ’ਤੇ ਸਵਾਰ ਹੋ ਕੇ ਗਏ ਸਨ।
ਇਸ ਦੌਰਾਨ ਜਦੋਂ ਇਹ ਦੋਵੇਂ ਸਵੇਰੇ ਤੜਕਸਾਰ ਮੱਥਾ ਟੇਕਣ ਤੋਂ ਬਾਅਦ ਵਾਪਸ ਬਟਾਲਾ ਆ ਰਹੇ ਸਨ ਤਾਂ ਡੇਰਾ ਬਾਬਾ ਨਾਨਕ ਰੋਡ ਸਥਿਤ ਗੋਖੂਵਾਲ ਬਾਈਪਾਸ ਵਾਲਾ ਪੁਲ ਪਾਰ ਕਰਦੇ ਸਮੇਂ ਅਚਾਨਕ ਮੋਟਰਸਾਈਕਲ ਬੇਕਾਬੂ ਹੁੰਦਾ ਹੋਇਆ ਡਿਵਾਈਡਰ ਨਾਲ ਜਾ ਟਕਰਾਇਆ, ਜਿਸ ਦੇ ਸਿੱਟੇ ਵਜੋਂ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸਦਾ ਦੋਸਤ ਮੰਗਲ ਦਾਸ ਗੰਭੀਰ ਜ਼ਖਮੀ ਹੋ ਗਿਆ।