ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ ਲੀਗ ‘ਚ ਲਗਾਤਾਰ 7 ਮੈਚ ਜਿੱਤ ਕੇ ਏਸ਼ੀਅਨ ਚੈਂਪੀਅਨ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨ ਟਰਾਫੀ ਦੇ ਫਾਈਨਲ ‘ਚ ਚੀਨ ਨੂੰ ਆਪਣੀ ਹੀ ਧਰਤੀ ‘ਤੇ ਹਰਾ ਕੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨ ਟਰਾਫੀ ਜਿੱਤੀ ਹੈ। ਜਿਸ ਕਾਰਨ ਟੀਮ ਦਾ ਮਨੋਬਲ ਵੀ ਉੱਚਾ ਹੋਇਆ ਹੈ ਅਤੇ ਤਜ਼ਰਬੇਕਾਰ ਅਤੇ ਨਵੇਂ ਖਿਡਾਰੀਆਂ ਵਿਚਾਲੇ ਚੰਗਾ ਤਾਲਮੇਲ ਵੀ ਦੇਖਣ ਨੂੰ ਮਿਲਿਆ ਹੈ। ਅੱਜ ਟੀਮ ਦੇ ਨੌਜਵਾਨ ਖਿਡਾਰੀ ਸੁਖਜੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਆਗਾਮੀ ਵਿਸ਼ਵ ਕੱਪ, ਹਾਕੀ ਇੰਡੀਆ ਲੀਗ ਅਤੇ ਏਸ਼ੀਅਨ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਵਿੱਖ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਕੇ ਟੀਮ ਆਗਾਮੀ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦਾ ਸੁਪਨਾ ਪੂਰਾ ਕਰੇਗੀ।
ਸੁਖਜੀਤ ਨੇ ਦੱਸਿਆ ਕਿ ਪਿਛਲੇ ਸਾਲ ਏਸ਼ੀਅਨ ਚੈਂਪੀਅਨ ਟਰਾਫੀ ਵਿਚ ਸੋਨ ਤਗਮਾ, ਫਿਰ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਅਤੇ ਫਿਰ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਇਸ ਵਾਰ ਉਸ ਨੇ ਏਸ਼ੀਅਨ ਚੈਂਪੀਅਨ ਟਰਾਫੀ ਵਿਚ ਇਕ ਵਾਰ ਫਿਰ ਸੋਨ ਤਗਮਾ ਜਿੱਤਿਆ ਹੈ ਅਤੇ ਇਸ ਲਈ ਬੈਕ ਟੂ ਬੈਕ ਪੰਜਵੀਂ ਵਾਰ ਭਾਰਤੀ ਹਾਕੀ ਟੀਮ ਨੇ ਇਹ ਖਿਤਾਬ ਜਿੱਤਿਆ ਹੈ। ਹੁਣ ਸਾਡਾ ਧਿਆਨ ਅਗਲੇ ਵਿਸ਼ਵ ਕੱਪ ‘ਤੇ ਹੈ ਅਤੇ ਅਸੀਂ ਕੋਚ ਦੇ ਨਿਰਦੇਸ਼ਾਂ ‘ਤੇ ਚੱਲਾਂਗੇ। ਉਨ੍ਹਾਂ ਕਿਹਾ ਕਿ ਨਵੇਂ ਕੋਚ ਦੇ ਆਉਣ ਨਾਲ ਟੀਮ ਦਾ ਪ੍ਰਦਰਸ਼ਨ ਵਧਿਆ ਹੈ। ਟੀਮ ਆਪਣੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਮਿਲ ਕੇ ਚੱਲ ਰਹੀ ਹੈ। ਇਸ ਦੇ ਨਾਲ ਹੀ ਸੁਖਜੀਤ ਨੇ ਕਿਹਾ ਕਿ ਜਦੋਂ ਨੌਜਵਾਨ ਖਿਡਾਰੀ ਟੀਮ ਵਿਚ ਸ਼ਾਮਲ ਹੁੰਦੇ ਹਨ ਤਾਂ 8 ਤੋਂ 10 ਸਾਲ ਦੇ ਤਜ਼ਰਬੇਕਾਰ ਖਿਡਾਰੀਆਂ ਨਾਲ ਚੰਗਾ ਤਾਲਮੇਲ ਹੁੰਦਾ ਹੈ ਅਤੇ ਜਦੋਂ ਨੌਜਵਾਨ ਖਿਡਾਰੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਰਾਣੇ ਖਿਡਾਰੀ ਹੀ ਉਨ੍ਹਾਂ ਨੂੰ ਹੱਲ ਕਰਦੇ ਹਨ।
ਇਸ ਤੋਂ ਇਲਾਵਾ ਸੁਖਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਦਿੱਲੀ ਵਿੱਚ ਜਰਮਨੀ ਨਾਲ ਦੋ ਮੈਚ ਖੇਡੇ ਜਾਣੇ ਹਨ ਅਤੇ ਉਸ ਤੋਂ ਬਾਅਦ ਹਾਕੀ ਇੰਡੀਆ ਲੀਗ ਸ਼ੁਰੂ ਹੋਵੇਗੀ ਅਤੇ ਜਿਸ ਤਰ੍ਹਾਂ ਨਾਲ ਟੂਰਨਾਮੈਂਟ ਚੱਲ ਰਿਹਾ ਹੈ, ਉਸ ਅਨੁਸਾਰ ਅਸੀਂ ਦਿਨ-ਬ-ਦਿਨ ਅੱਗੇ ਵਧਾਂਗੇ।