ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਨਾਂ ਦੇ ਸਾਥੀਆਂ ਨੇ ਜਗਰਾਉਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਗਰਾਉਂ ਪੁਲਿਸ ਵੱਲੋਂ ਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰੇਪ ਦਾ ਪਰਚਾ ਦਰਜ ਨਹੀਂ ਕੀਤਾ ਗਿਆ।
ਦਰਅਸਲ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਚਰਨ ਘਾਟ ਠਾਠ ਦੇ ਮੁਖੀ ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਲੜਕੀਆਂ ਦੇ ਸ਼ੋਸ਼ਣ ਦੇ ਮਾਮਲੇ ਉਜਾਗਰ ਕੀਤੇ।
ਉਹਨਾਂ ਕਿਹਾ ਕਿ ਇਸ ਅਖੌਤੀ ਬਾਬੇ ਨੇ 6 ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਕੁਝ ਲੜਕੀਆਂ ਹੋਰ ਵੀ ਹਨ, ਜੋ ਬੋਲਣਾ ਨਹੀਂ ਚਾਹੁੰਦੀਆਂ। ਇੱਕ ਲੜਕੀ ਦੀ ਉਦਾਹਰਨ ਦਿੰਦਿਆਂ ਉਹਨਾਂ ਕਿਹਾ ਕਿ ਉਸ ਲੜਕੀ ਨੂੰ ਵਰਗਲਾ ਕੇ ਲਿਜਾਇਆ ਗਿਆ ਕਿ ਉਸਦੇ ਪਰਿਵਾਰ ਦੇ ਦੁੱਖ ਮਿਟਾ ਦਿੱਤੇ ਜਾਣਗੇ ਪਰ ਉਸ ਨੂੰ ਇੱਕ ਹੋਟਲ ਵਿੱਚ ਲਿਜਾਕੇ ਕੁੱਟ ਮਾਰਨ ਤੋਂ ਬਾਅਦ ਉਸਦੀ ਵੀਡੀਓ ਬਣਾਈ ਗਈ ਅਤੇ ਚਾਰ ਘੰਟੇ ਉਸ ਨੂੰ ਕਮਰੇ ‘ਚ ਬੰਦੀ ਬਣਾ ਕੇ ਬਲਾਤਕਾਰ ਕੀਤਾ ਗਿਆ।
ਉਹਨਾਂ ਕਿਹਾ ਕਿ ਇਹ ਅਖੌਤੀ ਬਾਬਾ ਲੜਕੀਆਂ ਨੂੰ ਝਾਂਸੇ ਵਿੱਚ ਲੈ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਸੀ ਅਤੇ ਫਿਰ ਲਗਾਤਾਰ ਸਰੀਰਕ ਸ਼ੋਸ਼ਣ ਕਰਦਾ ਸੀ। ਇੱਕ ਕੇਸ ਵਿੱਚ ਭਾਵੇਂ ਉਸ ਨੂੰ ਪੁਲਿਸ ਨੇ ਅੰਦਰ ਕਰ ਦਿੱਤਾ ਹੈ, ਪਰ ਦੂਸਰੇ ਕੇਸ ਵਿੱਚ ਪੁਲਿਸ ਮਾਮਲਾ ਦਰਜ ਕਿਉਂ ਨਹੀਂ ਕਰ ਰਹੀ। ਇਸ ਦੇ ਨਾਲ ਹੀ ਉਨਾਂ ਜਗਰਾਉਂ ਦੇ ਸਬੰਧਿਤ ਡੀਐਸਪੀ ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਸ ਕੋਲ ਪੂਰੇ ਸਬੂਤ ਹਨ ਕਿ ਲੜਕੀ ਦਾ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਗਿਆ, ਕਿਸ ਤਰ੍ਹਾਂ ਸ਼ੋਸ਼ਣ ਵਾਲੀ ਲੜਕੀ ਦੀ ਆਵਾਜ਼ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ।
ਉਹਨਾਂ ਇਹ ਦੋਸ਼ ਵੀ ਲਗਾਇਆ ਕਿ ਪੁਲਿਸ ਨੇ ਬਣਦੀ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਉਸਨੂੰ (ਅੰਮ੍ਰਿਤਪਾਲ ਸਿੰਘ ਮਹਿਰੋਂ) ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਸ ’ਤੇ ਲੜਕੀ ਦੀ ਕਿਡਨੈਪਿੰਗ ਦਾ ਕੇਸ ਕੀਤਾ ਜਾਵੇਗਾ। ਚਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ 3-4 ਵਾਰ ਭਾਵੁਕ ਹੋਏ, ਉਨ੍ਹਾਂ ਦੀ ਅੱਖਾਂ ’ਚ ਹੰਝੂ ਵੀ ਨਜ਼ਰ ਆਏ। ਅਖੀਰ ਉਨ੍ਹਾਂ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਲੜਕੀਆਂ ਦਾ ਸ਼ੋਸ਼ਣ ਹੁੰਦਾ ਹੈ, ਉਹ ਉਸਦੇ ਵਿਰੁੱਧ ਹਮੇਸ਼ਾ ਡਟਕੇ ਖੜਦੇ ਹਨ ਅਤੇ ਖੜਦੇ ਰਹਿਣਗੇ ਭਾਵੇਂ ਕਿ ਇਸ ਦੀ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਉਹਨਾਂ ਕਿਹਾ ਕਿ ਜੇਕਰ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨਾ ਚਾਹੇਗੀ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ।