ਚੰਡੀਗੜ੍ਹ – ਕਾਫੀ ਚਿਰ ਤੋਂ ਉਡੀਕੇ ਜਾ ਰਹੇ ਪੰਜਾਬ ਮੰਤਰੀ ਮੰਡਲ ’ਚ ਫੇਰਬਦਲ ਦੀਆਂ ਖਬਰਾਂ ਸੱਚ ਹੋਣ ਜਾ ਰਹੀਆਂ ਹਨ। ਐਤਵਾਰ ਦੇਰ ਸ਼ਾਮ 4 ਕੈਬਨਿਟ ਮੰਤਰੀਆਂ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਬਲਕਾਰ ਸਿੰਘ ਤੇ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਸੋਮਵਾਰ ਨੂੰ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਜਾਣਕਾਰੀ ਅਨੁਸਾਰ ਪੰਜਾਬ ਮੰਤਰੀ ਮੰਡਲ ’ਚ 5 ਨਵੇਂ ਚਿਹਰਿਆਂ ਦੀ ਐਂਟਰੀ ਹੋਵੇਗੀ। ਇਨ੍ਹਾਂ ’ਚ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਤੇ ਡਾ. ਰਵੀਜੋਤ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਸੋਮਵਾਰ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਲਈ ਸਮਾਂ ਲੈ ਲਿਆ ਗਿਆ ਹੈ।
ਬਰਿੰਦਰ ਕੁਮਾਰ ਗੋਇਲ ਸੰਗਰੂਰ ਜ਼ਿਲੇ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਜਦਕਿ ਤਰਨਪ੍ਰੀਤ ਸਿੰਘ ਸੌਂਦ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਮਹਿੰਦਰ ਭਗਤ ਨੇ ਜਲੰਧਰ ਤੋਂ ਜ਼ਿਮਨੀ ਚੋਣ ਜਿੱਤੀ ਹੈ। ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ਦੀ ਸਾਹਨੇਵਾਲ ਸੀਟ ਤੋਂ ਵਿਧਾਇਕ ਹਨ।