ਸਾਊਦੀ ਅਰਬ ਨੇ ਪਾਕਿਸਤਾਨ ਤੋਂ ਆਉਣ ਵਾਲੇ ਭਿਖਾਰੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਸ਼ਾਹਬਾਜ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਹਰ ਸਾਲ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਲੋਕ ਉਮਰਾਹ ਵੀਜ਼ਾ (ਤੀਰਥ ਯਾਤਰਾ ਵੀਜ਼ਾ) ‘ਤੇ ਸਾਊਦੀ ਅਰਬ ਜਾਂਦੇ ਹਨ ਅਤੇ ਉਥੇ ਭੀਖ ਮੰਗਣ ਲੱਗਦੇ ਹਨ। ਪਾਕਿਸਤਾਨੀ ਵੈੱਬਸਾਈਟ ‘ਦਿ ਟ੍ਰਿਬਿਊਨ ਐਕਸਪ੍ਰੈਸ’ ਦੇ ਮੁਤਾਬਕ ਸਾਊਦੀ ਹੱਜ ਮੰਤਰਾਲੇ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਇਸ ‘ਤੇ ਤੁਰੰਤ ਰੋਕ ਲਗਾਉਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਇਸ ਨਾਲ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ‘ਤੇ ਅਸਰ ਪੈ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਭਿਖਾਰੀ ਉਮਰਾਹ ਦੀ ਆੜ ਵਿੱਚ ਖਾੜੀ ਦੇਸ਼ਾਂ ਦੀ ਯਾਤਰਾ ਕਰਦੇ ਹਨ। ਉਨ੍ਹਾਂ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਅਮੀਰ ਦੇਸ਼ਾਂ ਵਿੱਚ ਬੇਸ ਸਥਾਪਿਤ ਕੀਤਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਭਿਖਾਰੀਆਂ ਨੂੰ ਸਾਊਦੀ ਅਰਬ ਭੇਜਣ ਤੋਂ ਰੋਕਣ ਲਈ ‘ਉਮਰਾਹ ਐਕਟ’ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਟ੍ਰੈਵਲ ਏਜੰਸੀਆਂ ਨੂੰ ਨਿਯਮਤ ਕਰਨਾ ਹੈ ਜੋ ਉਮਰਾਹ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਨਿਗਰਾਨੀ ਹੇਠ ਲਿਆਉਣਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਊਦੀ ਰਾਜਦੂਤ ਨਵਾਫ ਬਿਨ ਸੈਦ ਅਹਿਮਦ ਅਲ ਮਲਿਕੀ ਅਤੇ ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਵਿਚਾਲੇ ਮੁਲਾਕਾਤ ਹੋਈ ਸੀ। ਇਸ ਵਿੱਚ ਨਕਵੀ ਨੇ ਰਾਜਦੂਤ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਭਿਖਾਰੀਆਂ ਨੂੰ ਸਾਊਦੀ ਅਰਬ ਭੇਜਣ ਲਈ ਜ਼ਿੰਮੇਵਾਰ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਨਕਵੀ ਦਾ ਮੰਨਣਾ ਹੈ ਕਿ ਅਜਿਹੀ ਘਟਨਾ ਪਾਕਿਸਤਾਨ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀ ਹੈ। ਹੁਣ ਇਸ ‘ਤੇ ਸ਼ਿਕੰਜਾ ਕੱਸਣ ਦੀ ਜ਼ਿੰਮੇਵਾਰੀ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੂੰ ਦਿੱਤੀ ਗਈ ਹੈ। ਇੱਕ ਹੋਰ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਹੀ ਕਰਾਚੀ ਏਅਰਪੋਰਟ ‘ਤੇ 11 ਲੋਕ ਫੜੇ ਗਏ ਸਨ। ਉਹ ਸਾਊਦੀ ਜਾਣ ਵਾਲੀ ਫਲਾਈਟ ‘ਚ ਸਵਾਰ ਹੋਣ ਦੀ ਤਿਆਰੀ ਕਰ ਰਹੇ ਸਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਦਾ ਮਕਸਦ ਉੱਥੇ ਜਾ ਕੇ ਭੀਖ ਮੰਗਣਾ ਸੀ।