ਟਾਂਡਾ ਉੜਮੁੜ—ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਾੜੇ ਅਨਸਰਾਂ ਖ਼ਿਲਾਫ਼ ਸਰਗਰਮ ਟਾਂਡਾ ਪੁਲਸ ਦੇ ਏ. ਐੱਸ. ਆਈ. ਕੁਲਦੀਪ ਸਿੰਘ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।
ਕਾਬੂ ਆਏ ਮੁਲਜਮਾਂ ਦੀ ਪਛਾਣ ਰਹਿਮਤ ਅਲੀ ਪੁੱਤਰ ਮੁਹੰਮਦ ਮੂਸਾ ਵਾਸੀ ਚੱਕ ਸ਼ਕੂਰ ਅਤੇ ਆਸ਼ੂ ਪੁੱਤਰ ਨੂਰ ਮੁਹੰਮਦ ਵਾਸੀ ਬੁੱਢੀਪਿੰਡ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਹੌਰੀਆ ਮੁਹੱਲਾ ਉੜਮੁੜ ਵਾਸੀ ਕਿਸਾਨ ਅਮਰੀਕ ਸਿੰਘ ਪੁੱਤਰ ਦੀਵਾਨ ਸਿੰਘ ਦੇ ਖੇਤਾਂ ਵਿੱਚੋ ਤਾਰਾ ਚੋਰੀ ਹੋਣ ਬਾਰੇ ਇਨ੍ਹਾਂ ਮੁਲਜਮਾਂ ਬਾਰੇ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਮੁੱਢਲੀ ਪੁਛਗਿੱਛ ਵਿਚ ਟਾਂਡਾ ਦੇ ਵੱਖ ਵੱਖ-ਪਿੰਡਾਂ ਵਿਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦਾ ਖ਼ੁਲਾਸਾ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਮਿਲਣ ਅਤੇ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।