ਚੰਡੀਗੜ੍ਹ – ਪੰਜਾਬ ਵਿੱਚ 6ਵੀਂ ਤੋਂ ਲੈ ਕੇ 9ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। 6ਵੀਂ ਤੋਂ 9ਵੀਂ ਜਮਾਤ ਤੱਕ ਦੇ ਵਿਦਿਆਰਥੀ ਲਈ ਹਰ ਮਹੀਨੇ ਵਜ਼ੀਫ਼ਾ ਲੈਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਡਾਕ ਵਿਭਾਗ ਦੀ ਦੀਨ ਦਿਆਲ ਸਪਰਸ਼ ਸਕੀਮ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ 500 ਰੁਪਏ ਵਜ਼ੀਫੇ ਵਜੋਂ ਦਿੱਤੇ ਜਾਣਗੇ। ਇਸ ਸਕੀਮ ਤਹਿਤ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਯੋਗ ਹੋਣਗੇ। ਇਸ ਦੇ ਲਈ ਡਾਕ ਵਿਭਾਗ ਵੱਲੋਂ ਮੈਰਿਟ ਟੈਸਟ ਕਰਵਾਇਆ ਜਾਵੇਗਾ। ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਸਾਲ ਲਈ 500 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੌਰਾਨ ਆਉਣ ਵਾਲੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਉਤਸ਼ਾਹਤ ਵੀ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕੇਂਦਰੀ ਡਾਕ ਵਿਭਾਗ ਦੀ ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਦੀ ਗੱਲ ਕਹੀ ਗਈ ਹੈ। ਇਸ ਸਕੀਮ ‘ਚ ਹਿੱਸਾ ਲੈਣ ਲਈ ਵਿਦਿਆਰਥੀ ਫਾਰਮ ਭਰ ਕੇ ਆਪਣੇ ਨਜ਼ਦੀਕੀ ਡਾਕਘਰ ਵਿੱਚ ਜਮ੍ਹਾ ਕਰਵਾ ਸਕਦੇ ਹਨ।ਇਸ ਪ੍ਰੀਖਿਆ ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਡਾਕ ਵਿਭਾਗ ਦੀ ਦੀਨ ਦਿਆਲ ਸਪਰਸ਼ ਸਕੀਮ ਤਹਿਤ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਪ੍ਰੀਖਿਆ 50 ਅੰਕਾਂ ਲਈ ਹੋਵੇਗੀ। ਜਿਸ ਵਿੱਚ ਡਾਕ ਵਿਭਾਗ ਅਤੇ ਡਾਕ ਟਿਕਟਾਂ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।