ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜ੍ਹਤੀਆਂ ਵੱਲੋਂ 30 ਤਰੀਕ ਤੱਕ ਦਾਣਾ ਮੰਡੀ ’ਚ ਪਰਮਲ ਝੋਨਾ ਦੀ ਖ਼ਰੀਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜੇਕਰ ਕੇਂਦਰ ਸਰਕਾਰ ਨੇ ਅੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ ਦਾ ਆੜ੍ਹਤੀਆਂ ਵੱਲੋਂ 1 ਅਕਤੂਬਰ ਤੋਂ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਹੈ। ਇਹ ਫ਼ੈਸਲਾ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਦੀ ਅਗਵਾਈ ’ਚ ਮੰਡੀ ’ਚ ਹੋਈ ਬੈਠਕ ਦੌਰਾਨ ਕੀਤਾ ਗਿਆ।
ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਸਾਲਾਂ ਪਹਿਲਾਂ ਉਨ੍ਹਾਂ ਦੀ ਆੜ੍ਹਤ ਦਾ ਕਮਿਸ਼ਨ 46 ਰੁਪਏ ਪ੍ਰਤੀ ਕੁਇੰਟਲ ਫਰੀਜ ਕਰ ਦਿੱਤਾ ਸੀ, ਜਦਕਿ ਉਨ੍ਹਾਂ ਦੀ ਮੰਗ ਹੈ ਕਿ ਆੜ੍ਹਤ 2.5 ਫੀਸਦੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿੱਤੀ ਜਾਵੇ, ਇਸ ਦੇ ਨਾਲ ਹੀ ਲੇਬਰ ਦੀ ਕੱਟੀ ਈ.ਪੀ.ਐੱਫ. ਤੇ ਐੱਫ.ਸੀ.ਆਈ. ਵੱਲੋਂ ਕੁਝ ਕਿਸਾਨਾਂ ਦੇ ਦੱਬੇ ਪੈਸੇ ਵਾਪਸ ਕਰਨ ਦੀ ਮੰਗ ਹੈ। ਇਸ ਸਬੰਧੀ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ 20 ਸਤੰਬਰ ਨੂੰ ਬੈਠਕ ਸੀ। ਕੇਂਦਰੀ ਮੰਤਰੀ ਵੱਲੋਂ ਰਿਪੋਰਟ ਮੰਗਵਾ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜੇਕਰ ਕੇਂਦਰ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ 1 ਅਕਤੂਬਰ ਤੋਂ ਆੜ੍ਹਤੀ ਪੰਜਾਬ ਭਰ ਦੀਆਂ ਮੰਡੀਆਂ ’ਚ ਹੜਤਾਲ ਕਰਨ ਲਈ ਮਜ਼ਬੂਰ ਹੋਣਗੇ।