ਨਕੋਦਰ ਸਥਾਨਕ ਜਲੰਧਰ ਬਾਈਪਾਸ ਚੌਕ ਬੀਤੀ ਸ਼ਾਮ ਪਨਸਪ ਬੱਸ ਤੇ ਟਰੱਕ ਦੀ ਭਿਆਨਕ ਟੱਕਰ ’ਚ ਡਰਾਈਵਰ, ਕੰਡਕਟਰ ਸਮੇਤ ਕਰੀਬ 15 ਸਵਾਰੀਆਂ ਜ਼ਖਮੀ ਸਵਾਰੀਆਂ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਸਿਟੀ ਪੁਲਸ ਨੇ ਮੌਕੇ ’ਤੇ ਪੁਹੰਚ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀ ਬੱਸ, ਜੋ ਕਿ ਮੋਗਾ ਵੱਲ ਜਾ ਰਹੀ ਸੀ, ਦੀ ਕਰੀਬ 6.30 ਵਜੇ ਨਕੋਦਰ-ਜਲੰਧਰ ਬਾਈਪਾਸ ’ਤੇ ਚੌਕ ’ਚ ਸ਼ਾਹਕੋਟ ਵੱਲੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਭਿਆਨਕ ਹਾਦਸੇ ’ਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਜ਼ਖਮੀ ਸਵਾਰੀਆਂ, ਬੱਸ ਡਰਾਈਵਰ, ਕੰਡਕਟਰ ਤੇ ਟਰੱਕ ਡਰਾਈਵਰ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ।