ਨਵੀਂ ਦਿੱਲੀ – ਏਅਰ ਇੰਡੀਆ ਦੇ ਇਕ ਯਾਤਰੀ ਨੇ ਰਾਸ਼ਟਰੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ ‘ਚ ਪਰੋਸੇ ਗਏ ‘ਆਮਲੇਟ’ ‘ਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਹੀ ਏਅਰ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਅੱਗੇ ਦੀ ਜਾਂਚ ਲਈ ਖਾਣ-ਪੀਣ ਸੇਵਾ ਪ੍ਰਦਾਤਾ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਘਟਨਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਇਕ ਬਿਆਨ ‘ਚ ਕਿਹਾ,”ਅਸੀਂ ਇਕ ਯਾਤਰੀ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ, ਜਿਸ ‘ਚ 17 ਸਤੰਬਰ 2024 ਨੂੰ ਦਿੱਲੀ ਤੋਂ ਜੇ.ਐੱਫ.ਕੇ. ਜਾਣ ਵਾਲੀ ਏ.ਆਈ.101 ਉਡਾਣ ‘ਚ ਉਸ ਨੂੰ ਦਿੱਤੇ ਗਏ ਭੋਜਨ ‘ਚ ਕੋਈ ਵਸਤੂ ਮਿਲਣ ਦੀ ਗੱਲ ਕਹੀ ਗਈ ਹੈ।” ਯਾਤਰੀ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ ‘ਚ ਪਰੋਸੇ ਗਏ ਆਮਲੇਟ ‘ਚ ਕਾਕਰੋਚ ਮਿਲਿਆ।