ਤਿਹਾੜ ਜ਼ੇਲ੍ਹ ’ਚੋਂ ਬਾਹਰ ਆਉਂਦੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ’ਤੇ ਗਰਜੇ। ਲੋਕ ਸਭਾ ਚੌਣ ਪ੍ਰਚਾਰ ਦੇ ਚੱਲਦੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਵੱਡਾ ਸ਼ਬਦੀ ਹਮਲਾ ਬੋਲਿਆ। ਸ਼ਨੀਵਾਰ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਕਿਹਾ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਜਿੱਤ ਗਈ ਤਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਸਮੇਤ ਸਾਰੇ ਵਿਰੋਧੀ ਨੇਤਾ ਜੇਲ੍ਹ ਵਿੱਚ ਹੋਣਗੇ।
ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ਦੇ ਪੀਐੱਮ ਚਿਹਰੇ ’ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇਹ ਲੋਕ ਇੰਡੀਆ ਗਠਜੋੜ ਦੇ ਚਿਹਰੇ ਬਾਰੇ ਪੁੱਛਦੇ ਹਨ। ਮੈਂ ਭਾਜਪਾ ਨੂੰ ਪੁੱਛਦਾ ਹਾਂ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਮੋਦੀ ਜੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋ ਰਹੇ ਹਨ। ਮੋਦੀ ਜੀ ਨੇ ਆਪ ਹੀ ਇੱਕ ਨਿਯਮ ਬਣਾਇਆ ਸੀ ਕਿ 75 ਸਾਲ ਦੇ ਲੋਕ ਸੇਵਾਮੁਕਤ ਹੋਣਗੇ। ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਰਿਟਾਇਰ ਕੀਤਾ, ਮੁਰਲੀ ਮਨੋਹਰ, ਸੁਮਿਤਰਾ ਮਹਾਜਨ ਸਭ ਨੂੰ ਰਿਟਾਇਰ ਕੀਤਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਸਵਾਲ ਖੜੇ ਕਰਦੇ ਕਿਹਾ ਕਿ ਮੋਦੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਾਂ ਮੰਗ ਰਹੇ ਹਨ। ਇਸ ਵਾਰ ਦੀਆਂ ਚੌਣਾਂ ’ਚ ਨਰਿੰਦਰ ਮੋਦੀ ਨੂੰ ਨਹੀਂ ਬਲਕਿ ਅਮਿਤ ਸ਼ਾਹ ਨੂੰ ਵੋਟ ਜਾਵੇਗੀ। ਕੀ ਅਮਿਤ ਸ਼ਾਹ ਮੋਦੀ ਜੀ ਦੀ ਗਾਰੰਟੀ ਨੂੰ ਪੂਰਾ ਕਰਨਗੇ?”