ਚੰਡੀਗੜ੍ਹ : ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤਾਂ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੀ ਔਰਤਾਂ ਲਈ ਵੱਡਾ ਫ਼ੈਸਲਾ ਲੈਂਦਿਆਂ ਚੋਣਾਂ ਵਿਚ ਬੀਬੀ ਲਈ 50 ਫੀਸਦ ਸੀਟਾਂ ਰਾਖਵੀਆਂ ਰੱਖੀਆਂ ਹਨ। ਸਰਕਾਰ ਦੇ ਇਸ ਫ਼ੈਸਲੇ ਦਾ ਪੰਜਾਬ ਦੀਆਂ ਮਹਿਲਾਵਾਂ ਵਲੋਂ ਸਵਾਗਤ ਕੀਤਾ ਜਾ ਰਿਹਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਹਰ ਖ਼ੇਤਰ ‘ਚ ਉਹ ਸਫ਼ਲਤਾ ਹਾਸਿਲ ਕਰ ਰਹੀਆਂ ਹਨ, ਲਿਹਾਜ਼ਾ ਪੰਜਾਬ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ। ਸੂਤਰਾਂ ਮੁਤਾਬਕ ਇਕੱਲੇ ਜਲੰਧਰ ਜ਼ਿਲ੍ਹੇ ਦੇ 950 ਦੇ ਕਰੀਬ ਪਿੰਡ ਹਨ ਤੇ ਲਗਪਗ ਅੱਧੇ ਪਿੰਡਾਂ ਵਿਚ ਔਰਤਾਂ ਹੀ ਸਰਪੰਚ ਬਣਨਗੀਆਂ। ਔਰਤਾਂ ਲਈ 50 ਫੀਸਦ ਰਾਖਵਾਂਕਰਨ ਕੀਤੇ ਜਾਣ ਕਾਰਨ ਔਰਤ ਲੀਡਰਾਂ ਦੀ ਘਾਟ ਪਿੰਡਾਂ ਵਿਚ ਰੜਕਣ ਲੱਗ ਪਈ ਹੈ। ਜਲੰਧਰ ਪੂਰਬੀ ਬਲਾਕ ਵਿਚ 78 ਪਿੰਡ ਹਨ, ਇਨ੍ਹਾਂ ’ਚੋਂ 22 ਪਿੰਡ ਐੱਸਸੀ ਭਾਈਚਾਰੇ ਲਈ ਰਾਖਵੇਂ ਹਨ ਅਤੇ 22 ਪਿੰਡ ਹੀ ਐੱਸਸੀ ਭਾਈਚਾਰੇ ਦੀਆਂ ਔਰਤਾਂ ਲਈ ਰਾਖਵੇਂ ਹਨ। ਜਨਰਲ ਵਰਗ ਦੀਆਂ ਔਰਤਾਂ ਲਈ ਵੀ 17 ਪਿੰਡਾਂ ਰਾਖਵੇਂ ਰੱਖੇ ਗਏ ਹਨ। ਬਾਕੀ ਬਚੇ 17 ਪਿੰਡ ਜਨਰਲ ਵਰਗ ਲਈ ਹਨ।