ਪੰਜਾਬ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਆਪਰੇਸ਼ਨ ਸਪੈਸ਼ਲ ਟਾਸਕ ਫੋਰਸ ਵੱਲੋਂ ਕੀਤਾ ਗਿਆ। ਐਸਪੀ ਐਸਟੀਐਫ ਵਿਸ਼ਾਲਜੀਤ ਸਿੰਘ ਅਤੇ ਡੀਐਸਪੀ ਐਸਟੀਐਫ ਵਵਿੰਦਰ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮਾਂ ਨੇ ਇਸ ਰੈਕੇਟ ਦੇ ਮੁੱਖ ਸਰਗਨਾ ਅਲੈਕਸ ਪਾਲੀਵਾਲ ਦਾ ਪਤਾ ਲਗਾ ਕੇ ਉਸਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਮੁਲਜ਼ਮ ਦੇ ਕਬਜ਼ੇ ‘ਚੋਂ 9.04 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 1.37 ਲੱਖ ਰੁਪਏ ਦੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਐਸਟੀਐਫ ਮੁਹਾਲੀ ਪੁਲੀਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22-ਸੀ, 25, 27-ਏ ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮ ਐਲੇਕਸ ਪਾਲੀਵਾਲ ਦੇ ਖੁਲਾਸੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਕਾਰਵਾਈ ਕਰਦੇ ਹੋਏ ਡਰੱਗ ਕੰਟਰੋਲ ਅਫਸਰ ਸੁਖਦੀਪ ਸਿੰਘ ਅਤੇ ਰਮਨੀਕ ਸਿੰਘ ਦੀ ਮੌਜੂਦਗੀ ਵਿੱਚ ਪੁਲਿਸ ਟੀਮਾਂ ਨੇ ਬਾਇਓਜੈਨੇਟਿਕ ਡਰੱਗ ਪ੍ਰਾਈਵੇਟ ਲਿਮਟਿਡ ਦੀ ਜਾਂਚ ਕੀਤੀ ਅਤੇ ਰਿਕਾਰਡ ਜ਼ਬਤ ਕੀਤਾ। ਇਨ੍ਹਾਂ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਕੰਪਨੀ ਨੇ ਸਿਰਫ ਅੱਠ ਮਹੀਨਿਆਂ ਵਿੱਚ 200 ਮਿਲੀਅਨ ਤੋਂ ਵੱਧ ਅਲਪਰਾਜ਼ੋਲਮ ਗੋਲੀਆਂ ਦਾ ਨਿਰਮਾਣ ਕੀਤਾ ਹੈ। ਰਿਕਾਰਡ ਨੇ ਮਹਾਰਾਸ਼ਟਰ ਦੇ ਮੈਸਰਜ਼ ਐਸਟਰ ਫਾਰਮਾ ਨੂੰ ਸਪਲਾਈ ਦਾ ਵੀ ਖੁਲਾਸਾ ਕੀਤਾ ਹੈ।
ਡੀਜੀਪੀ ਨੇ ਦੱਸਿਆ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਵਿਰੁੱਧ ਕਾਰਵਾਈ ਦੌਰਾਨ 47.32 ਨਸ਼ੀਲੇ ਕੈਪਸੂਲ ਅਤੇ 725.5 ਕਿਲੋ ਨਸ਼ੀਲਾ ਟਰਾਮਾਡੋਲ ਪਾਊਡਰ ਬਰਾਮਦ ਕੀਤਾ ਗਿਆ ਜੋ ਕਿ 1.5 ਕਰੋੜ ਕੈਪਸੂਲ ਬਨਾਉਣ ਲਈ ਕਾਫੀ ਸੀ। ਇਸ ਤੋਂ ਇਲਾਵਾ ਰਿਕਾਰਡ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਮਾਈਲੈਕਸ ਫਾਰਮਾ ਕੈਮ ਡਰੱਗ ਇੰਡਸਟਰੀਜ਼ ਨੇ ਇਕ ਸਾਲ ਦੇ ਅੰਦਰ 6500 ਕਿਲੋਗ੍ਰਾਮ ਡਰੱਗ ਟ੍ਰਾਮਾਡੋਲ ਪਾਊਡਰ ਖਰੀਦਿਆ ਸੀ। ਇਸ ਦੌਰਾਨ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਅਤੇ ਵੰਡ ਦੀ ਜਾਂਚ ਕਰਦੇ ਹੋਏ 4 ਹੋਰ ਸਪਲਾਇਰਾਂ ਦੀ ਪਛਾਣ ਇੰਤਜ਼ਾਰ ਸਲਮਾਨੀ, ਪ੍ਰਿੰਸ ਸਲਮਾਨੀ, ਬਲਜਿੰਦਰ ਸਿੰਘ ਅਤੇ ਸੂਬਾ ਸਿੰਘ ਵਜੋਂ ਹੋਈ ਹੈ। ਫਿਲਹਾਲ ਜਾਂਚ ਅਧਿਕਾਰੀਆਂ ਵਲੋਂ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।