ਜਲੰਧਰ –ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੀ. ਜੀ. ਐੱਸ. ਸਕੂਲ ਦੇ ਨੇੜੇ ਪੈਦਲ ਸੜਕ ਕ੍ਰਾਸ ਕਰ ਰਹੇ 3 ਮਜ਼ਦੂਰਾਂ ਵਿਚੋਂ ਇਕ ਦੀ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਦੇਰ ਰਾਤ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਥਾਣਾ ਨੰਬਰ 1 ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ 3 ਮਜ਼ਦੂਰ ਪੈਦਲ ਹੀ ਹਾਈਵੇਅ ਤੋਂ ਰੇਲਿੰਗ ਕ੍ਰਾਸ ਕਰਕੇ ਜਾ ਰਹੇ ਸਨ। ਇਸੇ ਦੌਰਾਨ ਜਲੰਧਰ ਵੱਲੋਂ ਅੰਮ੍ਰਿਤਸਰ ਵੱਲ ਜਾ ਰਹੀ ਗੱਡੀ ਨਾਲ ਇਕ ਮਜ਼ਦੂਰ ਦੀ ਟੱਕਰ ਹੋ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ 2 ਸਾਥੀ ਉਥੋਂ ਭੱਜ ਗਏ।
ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਏ. ਐੱਸ. ਆਈ. ਪਲਵਿੰਦਰ ਸਿੰਘ ਗਏ ਸਨ, ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਗੱਡੀ ਵੀ ਕਾਫ਼ੀ ਸਪੀਡ ’ਤੇ ਸੀ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਓਧਰ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਐੱਨ. ਐੱਚ. ਏ. ਆਈ. ਨੇ ਲੋਕਾਂ ਦੀ ਸਹੂਲਤ ਲਈ ਸ਼ਾਰਟਕੱਟ ਬੰਦ ਕੀਤੇ ਹਨ ਪਰ ਲੋਕ ਸ਼ਾਰਟਕੱਟ ਲੈਣਾ ਬੰਦ ਕਰਨ। ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਉਹ ਮੌਕੇ ’ਤੇ ਗਏ ਸਨ ਪਰ ਵੀਰਵਾਰ ਨੂੰ ਦੁਬਾਰਾ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਘਟਨਾ ਸਥਾਨ ’ਤੇ ਜਾਣਗੇ।