ਬਰਨਾਲਾ : ਬਰਨਾਲਾ ‘ਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਗੈਂਗਵਾਰ ਹੋ ਗਈ। ਇਸ ਝੜਪ ਦੌਰਾਨ ਗੋਲੀਬਾਰੀ ਵੀ ਹੋਈ, ਜਿਸ ਵਿਚ ਦੋ ਲੋਕ ਜ਼ਖਮੀ ਹੋਏ ਹਨ। ਇਹ ਗੈਂਗਵਾਰ ਬਠਿੰਡਾ ਹਾਈਵੇਅ ’ਤੇ ਬਰਨਾਲਾ ਦੇ ਹੰਡਿਆਇਆ ਬਾਈਪਾਸ ਕੋਲ ਹੋਈ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਦੋਵੇਂ ਧੜੇ ਇਕ ਕੇਸ ਦੇ ਚੱਲਦੇ ਬਰਨਾਲਾ ਅਦਾਲਤ ਵਿਚ ਤਰੀਕ ਭੁਗਤਣ ਆਏ ਸਨ, ਜਿਸ ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਇਹ ਤਕਰਾਰ ਖੂਨੀ ਝੜਪ ਵਿਚ ਬਦਲ ਗਈ। ਦੋਵਾਂ ਧੜਿਆਂ ਨੇ ਤਲਵਾਰਾਂ, ਚਾਕੂਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ‘ਤੇ ਹਮਲਾ ਕਰ ਦਿੱਤਾ।
ਚਸ਼ਮਦੀਦਾਂ ਅਨੁਸਾਰ ਦੋਵਾਂ ਧਿਰਾਂ ਵਿਚਾਲੇ ਕਰੀਬ ਇਕ ਘੰਟੇ ਤੱਕ ਲੜਾਈ ਚੱਲਦੀ ਰਹੀ ਅਤੇ ਕੋਈ ਵੀ ਪੁਲਸ ਮੌਕੇ ’ਤੇ ਨਹੀਂ ਪੁੱਜੀ। ਲੋਕਾਂ ਨੇ ਦੱਸਿਆ ਕਿ ਲੜਾਈ ਦੌਰਾਨ ਇਕ ਵਿਅਕਤੀ ਦਾ ਸਿਰ ਬੁਰੀ ਤਰ੍ਹਾਂ ਵੱਢਿਆ ਗਿਆ ਅਤੇ ਦੂਜੇ ਵਿਅਕਤੀ ਨੂੰ ਗੋਲੀ ਲੱਗੀ ਹੈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਦੂਜੇ ਪਾਸੇ ਪੁਲਸ ਦਾ ਆਖਣਾ ਹੈ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਗੋਲੀਬਾਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮੌਕੇ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਦੋਵੇਂ ਧੜਿਆਂ ਦਾ ਅਪਰਾਧਿਕ ਪਿਛੋਕੜ ਹੈ, ਜਿਨ੍ਹਾਂ ਵਿਰੁੱਧ ਚੋਰੀ ਅਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ।