ਦੀਨਾਨਗਰ – ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਚ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਅਜੇ ਬੀਤੇ ਦਿਨੀਂ ਹੀ ਇਸੇ ਪਿੰਡ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਮੁੜ ਬੀਤੀ ਰਾਤ ਪਿੰਡ ਉਧੀਪੁਰ ਵਿਖੇ ਚੋਰਾਂ ਵੱਲੋਂ ਮੁੜ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ ਘਰ ‘ਚ ਦਾਖਲ ਹੋ ਕਮਰੇ ਵਿਚ ਪਈ ਅਲਮਾਰੀ ਦੇ ਤਾਲੇ ਤੋੜੇ ਕੇ ਅੰਦਰ ਪਏ ਕਰੀਬ 2 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਗਏ ਹਨ। ਇਸੇ ਤਰ੍ਹਾਂ ਹੀ ਉਸ ਦੇ ਚਾਚੇ ਦੇ ਘਰ ਵੀ ਤਾਲੇ ਭੰਨੇ ਗਏ, ਪਰ ਨੁਕਸਾਨ ਤੋਂ ਬਚਾਅ ਰਿਹਾ।
ਇਸੇ ਤਰ੍ਹਾਂ ਹੀ ਉਸ ਦੇ ਘਰ ਦੇ ਪਿਛਲੇ ਘਰ ਵਿੱਚ ਦਾਖਲ ਹੋ ਕੇ ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜੇ ਕੇ ਅਲਮਾਰੀ ਦੀ ਫੋਲੋ ਫਰਾਲੀ ਕੀਤੀ, ਪਰ ਜਦੋਂ ਉਹ ਅਜਿਹਾ ਕਰ ਰਹੇ ਸਨ ਤਾਂ ਕੁੱਤਾ ਉਨ੍ਹਾਂ ਨੂੰ ਦੇਖ ਕੇ ਭੌਂਕ ਪਿਆ। ਕੁੱਤੇ ਦੀ ਆਵਾਜ਼ ਸੁਣ ਕੇ ਪਰਿਵਾਰਿਕ ਮੈਂਬਰ ਅਚਾਨਕ ਉੱਠ ਗਏ ਅਤੇ ਚੋਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਸਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।