ਹਜ਼ਾਰਾਂ ਇਜ਼ਰਾਈਲੀ ਨਾਗਰਿਕ ਇੱਕ ਵਾਰ ਫਿਰ ਸ਼ਨੀਵਾਰ ਨੂੰ ਤੇਲ ਅਵੀਵ ਦੀਆਂ ਸੜਕਾਂ ‘ਤੇ ਉੱਤਰ ਆਏ ਤੇ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਦੌਰਾਨ ਪਰਿਵਾਰ ਬੰਦੀਆਂ ਦੀਆਂ ਤਸਵੀਰਾਂ ਲੈ ਕੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਤੇ ਪ੍ਰਧਾਨ ਮੰਤਰੀ ਬੈਂਜਾਮਿਨ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਬੰਦੀਆਂ ਦੀ ਸੁਰੱਖਿਅਤ ਰਿਹਾਈ ਲਈ ਹੋਰ ਕਦਮ ਚੁੱਕੇ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨਾਮਾ ਵੇਨਬਰਗ ਦਾ ਵਿਅਕਤੀ ਜਿਸਦਾ ਚਚੇਰਾ ਭਰਾ ਇਤਾਈ ਸਵਿਰਸਕੀ 7 ਅਕਤੂਬਰ ਨੂੰ ਅਗਵਾ ਕਰ ਲਿਆ ਗਿਆ ਸੀ ਜਦੋਂ ਹਮਾਸ ਨੇ ਇਜ਼ਰਾਈਲੀ ਸ਼ਹਿਰਾਂ ’ਤੇ ਹਮਲਾ ਕੀਤਾ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਇਤਾਈ ਸਵਿਰਸਕੀ ਦੀ ਹਮਾਸ ਦੀ ਕੈਦ ’ਚ ਹੀ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਸਨੇ ਸ਼ਨੀਵਾਰ ਨੂੰ ਹਮਾਸ ਦੁਆਰਾ ਪੋਸਟ ਕੀਤੀ ਇੱਕ ਵੀਡੀਓ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਹੋਰ ਇਜ਼ਰਾਈਲੀ ਬੰਦੀ ਦੀ ਮੌਤ ਹੋ ਗਈ ਹੈ। ਵੇਨਬਰਗ ਨੇ ਕਿਹਾ, “ਜਲਦੀ ਹੀ, ਉਹ ਲੋਕ ਵੀ, ਜੋ ਇੰਨੇ ਲੰਬੇ ਸਮੇਂ ਤੱਕ ਜਿਊਂਦੇ ਰਹਿਣ ਵਿਚ ਕਾਮਯਾਬ ਰਹੇ, ਹਮਾਸ ਦੀ ਕੈਦ ਵਿੱਚ ਹੁਣ ਜੀਉਂਦਿਆਂ ਵਿਚ ਨਹੀਂ ਹੋਣਗੇ। ਉਨ੍ਹਾਂ ਨੂੰ ਹੁਣ ਜਲਦੀ ਬਚਾਇਆ ਜਾਣਾ ਚਾਹੀਦਾ ਹੈ।”
ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾ ਕੇ ਇੱਕ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਜਿਸ ਤੋਂ ਬਾਦ ਪੁਲਿਸ ਵੱਲੋਂ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪਾਣੀ ਦੀਆਂ ਤੋਪਾਂ ਦੀ ਵਰਤੋ ਕੀਤੀ ਗਈ। ਇਸ ਦੇ ਨਾਲ ਹੀ ਘੱਟੋ-ਘੱਟ ਤਿੰਨ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਗਿਆ।