ਹੁਸ਼ਿਆਰਪੁਰ- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਟੈਂਪੂ-ਟਰੈਵਲ ਗੱਡੀ ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪੈਂਦੇ ਪਿੰਡ ਬਾਗਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਟੈਂਟੂ-ਟਰੈਵਲ ਗੱਡੀ ਟਰੈਕਟਰ-ਟਰਾਲੀ ਦੇ ਨਾਲ ਟਕਰਾਉਣ ਕਰਕੇ ਉਕਤ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਗੱਡੀ ਵਿਚ ਸਵਾਰ 12 ਲੋਕਾਂ ਵਿਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ਵਿਚ ਰੈਫਰ ਕਰ ਦਿੱਤਾ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਟੈਂਪੂ ਟਰੈਵਲ ਗੱਡੀ ਨੰ. ਪੀ. ਬੀ. 01 ਸੀ. 9968, ਜੋਕਿ ਭੁਪਿੰਦਰ ਬੱਬਲ ਕਲਾਕਾਰ ਨਾਲ ਜੰਮੂ ਤੋਂ ਜਗਰਾਤਾ ਕਰਕੇ ਵਾਪਸ ਚੰਡੀਗੜ੍ਹ ਨੂੰ ਆ ਰਹੀ ਸੀ। ਜਦੋਂ ਅੱਡਾ ਬਾਗਪੁਰ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਦੂਜੀ ਸਾਈਡ ਤੋਂ ਆ ਰਹੇ ਲੱਕੜ ਨਾਲ ਲੱਦੇ ਟਰੈਕਟਰ-ਟਰਾਲੀ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੈਂਪੂ ਟਰੈਵਲ ਗੱਡੀ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉੱਡ ਗੱਡੇ ਗਏ ਅਤੇ ਡਰਾਈਵਰ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ।