ਲੁਧਿਆਣਾ – ਹੰਬੜਾ ਰੋਡ ‘ਤੇ ਸਥਿਤ ਇਕ ਇਲਾਕੇ ‘ਚ ਬੀਤੀ ਰਾਤ ਮਾਂ ਭਗਵਤੀ ਦਾ ਜਗਰਾਤਾ ਚੱਲ ਰਿਹਾ ਸੀ। ਇਸ ਦੌਰਾਨ ਆਈ ਹਨੇਰੀ ਕਾਰਨ ਲੋਹੇ ਦਾ ਐਂਗਲ ਸਾਹਮਣੇ ਬੈਠੀ ਸੰਗਤ ‘ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਤਕਰੀਬਨ 7 ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਵੀਡੀਓਗ੍ਰਾਫੀ ਦੌਰਾਨ ਕੈਮਰੇ ‘ਚ ਕੈਦ ਹੋ ਗਈ। ਸੂਚਨਾ ਤੋਂ ਬਾਅਦ ਪੀਏਯੂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਤੁਰੰਤ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਵੇਸ਼ ਕੁਮਾਰ ਨੇ ਦੱਸਿਆ ਕਿ ਉਹ ਬਰਹਾਡਾ ਰੋਡ ‘ਤੇ ਰਹਿੰਦਾ ਹੈ। ਉਨ੍ਹਾਂ ਦੇ ਇਲਾਕੇ ਵਿਚ ਮਾਤਾ ਦਾ ਜਾਗਰਣ ਚੱਲ ਰਿਹਾ ਸੀ।
ਦੇਰ ਰਾਤ ਕਰੀਬ 1 ਵਜੇ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਹਨੇਰੀ ਸ਼ੁਰੂ ਹੋ ਗਈ। ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਦੌਰਾਨ ਸਟੇਡੀਅਮ ‘ਚ ਰੋਸ਼ਨੀ ਲਈ ਲਗਾਇਆ ਗਿਆ ਲੋਹੇ ਦਾ ਐਂਗਲ ਡੋਲਣ ਲੱਗ ਪਿਆ ਤੇ ਅਤੇ ਤੇਜ਼ ਹਨੇਰੀ ਕਾਰਨ ਹੇਠਾਂ ਡਿੱਗ ਗਿਆ। ਇਹ ਸਿੱਧਾ ਸਾਹਮਣੇ ਬੈਠੀ ਸੰਗਤ ਉੱਪਰ ਜਾ ਡਿੱਗਿਆ।ਜਿਸ ਕਾਰਨ ਸੁਨੀਤਾ ਰਾਣੀ ਦੀ ਮੌਤ ਹੋ ਗਈ ਜਦਕਿ ਹੋਰ ਲੋਕ ਜਖਮੀ ਹੋ ਗਏ।